ਇੰਗਲੈਂਡ ਨੇ ਪੰਜਵੇਂ ਅਤੇ ਅੰਤਿਮ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਆਪਣੀ ਦੂਜੀ ਪਾਰੀ ਅੱਠ ਵਿਕਟਾਂ ਪਿੱਛੇ 423 ਦੌੜਾਂ ’ਤੇ ਖ਼ਤਮ ਕਰਨ ਦਾ ਐਲਾਨ ਕਰਦਿਆਂ ਭਾਰਤ ਨੂੰ ਜਿੱਤ ਲਈ 464 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਵੱਲੋਂ ਅਲਿਸਟੇਅਰ ਕੁੱਕ ਨੇ 147 ਅਤੇ ਜੋਏ ਰੂਟ ਨੇ 125 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਟੀਮ ਦੀਆਂ ਤਿੰਨ ਵਿਕਟਾਂ ਪਹਿਲੇ ਤਿੰਨ ਓਵਰਾਂ ਵਿੱਚ ਹੀ ਡਿੱਗ ਗਈਆਂ ਅਤੇ ਉਹ 3.2 ਓਵਰਾਂ ਵਿੱਚ ਦੋ ਦੌੜਾਂ ਹੀ ਬਣਾ ਸਕੀ। ਜੇਮਜ ਐਂਡਰਸਨ ਨੇ ਸ਼ਿਖਰ ਧਵਨ (ਇੱਕ) ਅਤੇ ਚੇਤੇਸ਼ਵਰ ਪੁਜਾਰਾ (ਸਿਫ਼ਰ) ਨੂੰ ਆਊਟ ਕੀਤਾ, ਜਦੋਂਕਿ ਸਟੂਅਰਟ ਬਰੌਡ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ (ਸਿਫ਼ਰ) ਦੀ ਵਿਕਟ ਲਈ। ਭਾਰਤ ਤਿੰਨ ਵਿਕਟਾਂ ’ਤੇ 43 ਦੌੜਾਂ ਬਣਾ ਕੇ ਖੇਡ ਰਿਹਾ ਸੀ। ਲੋਕੇਸ਼ ਰਾਹੁਲ 46 ਅਤੇ ਅਜਿੰਕਿਆ ਰਹਾਣੇ ਦਸ ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ।
ਇਸ ਤੋਂ ਪਹਿਲਾਂ ਅੱਜ ਦੀ ਖੇਡ ਸ਼ੁਰੂ ਹੋਣ ਦੇ ਨਾਲ ਹੀ ਇੰਗਲੈਂਡ ਦੇ ਕੱਲ੍ਹ ਦੇ ਨਾਬਾਦ ਬੱਲੇਬਾਜ਼ ਕੁੱਕ ਅਤੇ ਰੂਟ ਨੇ ਆਪਣੀਆਂ ਪਾਰੀਆਂ ਨੂੰ ਸ਼ਾਨਦਾਰ ਢੰਗ ਨਾਲ ਅੱਗੇ ਵਧਾਉਂਦਿਆਂ ਤੀਜੀ ਵਿਕਟ ਲਈ ਮਹੱਤਵਪੂਰਨ 259 ਦੌੜਾਂ ਬਣਾਈਆਂ ਅਤੇ ਮੇਜ਼ਬਾਨ ਟੀਮ ਨੂੰ ਮਜ਼ਬੂਤ ਸਥਿਤੀ ਤੱਕ ਪਹੁੰਚਾਇਆ। ਕੁੱਕ ਨੇ ਇਸ ਤਰ੍ਹਾਂ ਨਾਲ 161 ਟੈਸਟ ਮੈਚਾਂ ਵਿੱਚ 12472 ਦੌੜਾਂ ਬਣਾ ਕੇ ਆਪਣੇ ਲੰਮੇ ਟੈਸਟ ਕਰੀਅਰ ਨੂੰ ਸਮਾਪਤ ਕੀਤਾ, ਜਿਸ ਦੀ ਸ਼ੁਰੂਆਤ ਉਸ ਨੇ 2006 ਵਿੱਚ ਨਾਗਪੁਰ ਵਿੱਚ ਭਾਰਤ ਖ਼ਿਲਾਫ਼ ਕੀਤੀ ਸੀ। ਉਸ ਦੀ ਪਾਰੀ ਬੇਦਾਗ਼ ਰਹੀ, ਪਰ ਰੂਟ ਨੂੰ 46 ਅਤੇ 94 ਦੌੜਾਂ ਦੇ ਨਿੱਜੀ ਸਕੋਰ ’ਤੇ ਕ੍ਰਮਵਾਰ ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨੇ ਜੀਵਨਦਾਨ ਦਿੱਤੇ। ਭਾਰਤੀ ਬੱਲੇਬਾਜ਼ਾਂ ਲਈ ਵੱਡੇ ਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਹੋਵੇਗਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣਾ ਪਹਿਲਾ ਮੈਚ ਖੇਡ ਰਹੇ ਹਨੁਮਾ ਵਿਹਾਰੀ (24 ਦੌੜਾਂ ਦੇ ਕੇ ਦੋ ਵਿਕਟਾਂ) ਨੂੰ ਭਾਵੇਂ ਦੇਰ ਨਾਲ ਗੇਂਦ ਸੌਂਪੀ, ਪਰ ਉਸ ਨੇ ਅਖ਼ੀਰ ਭਾਰਤ ਨੂੰ ਸਫਲਤਾ ਦਿਵਾਈ। ਵਿਹਾਰੀ ਨੇ ਅੱਠਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ’ਤੇ ਰੂਟ ਅਤੇ ਕੁੱਕ ਨੂੰ ਆਊਟ ਕੀਤਾ। ਵਿਹਾਰੀ ਨੇ ਜੋਏ ਵਜੋਂ ਆਪਣੀ ਪਹਿਲੀ ਟੈਸਟ ਵਿਕਟ ਲਈ, ਇਸ ਤੋਂ ਬਾਅਦ ਕੁੱਕ ਨੂੰ ਆਊਟ ਕੀਤਾ। ਭਾਰਤੀ ਖਿਡਾਰੀਆਂ ਨੇ ਹੱਥ ਮਿਲਾ ਕੇ ਕੁੱਕ ਨੂੰ ਵਿਦਾਇਗੀ ਦਿੱਤੀ, ਜਦੋਂਕਿ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸ ਦਾ ਸਵਾਗਤ ਕੀਤਾ। ਭਾਰਤ ਇਸ ਤੋਂ ਤੁਰੰਤ ਮਗਰੋਂ ਨਵੀਂ ਗੇਂਦ ਨਾਲ ਖੇਡਣਾ ਸ਼ੁਰੂ ਕੀਤਾ।
Sports ਇੰਗਲੈਂਡ ਨੇ ਭਾਰਤ ਦੀਆਂ ਗੋਡਣੀਆਂ ਲਵਾਈਆਂ