ਲੰਡਨ (ਰਾਜਵੀਰ ਸਮਰਾ) (ਸਮਾਜਵੀਕਲੀ) : ਯੂ.ਕੇ ਵਿਚ ਫੈਲੀ ਕੋਵਿਡ-19 ਮਹਾਮਾਰੀ ਦੇ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਕ ਮਹੱਤਵਪੂਰਣ ਐਲਾਨ ਕੀਤਾ।ਐਲਾਨ ਮੁਤਾਬਕ ਦੇਸ਼ ਵਿਚ ਪ੍ਰਾਇਮਰੀ ਸਕੂਲ 1 ਜੂਨ ਨੂੰ ਖੋਲ੍ਹ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ ਨੂੰ ਸ਼ੁਰੂ ਕਰਨ ਵੱਲ ਇਹ ਪਹਿਲਾ ਕਦਮ ਹੈ।ਇਸ ਦੇ ਨਾਲ ਹੀ ਜਾਨਸਨ ਨੇ ਆਪਣੇ ਸਾਥੀ ਅਤੇ ਸਲਾਹਕਾਰ ਡੌਮਿਨਿਕ ਕਮਿੰਗਸ ਦੇ ਕਥਿਤ ਕੋਰੋਨਾਵਾਇਰਸ ਲਾਕਡਾਊਨ ਉਲੰਘਣਾ ‘ਤੇ ਖੁੱਲ੍ਹ ਕੇ ਉਹਨਾਂ ਦਾ ਸਮਰਥਨ ਕੀਤਾ ਹੈ। ਇਸ ਕਾਰਨ ਉਹਨਾਂ ਨੂੰ ਖੁਦ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
1 ਜੂਨ ਤੋਂ ਖੁੱਲ੍ਹਣਗੇ ਪ੍ਰਾਇਮਰੀ ਸਕੂਲ
ਜਾਨਸਨ ਨੇ ਐਲਾਨ ਕੀਤਾ,”ਪ੍ਰਾਇਮਰੀ ਸਕੂਲ ਦੀਆ ਕਲਾਸਾਂ 1 ਜੂਨ ਤੋਂ ਸ਼ੁਰੂ ਹੋ ਜਾਣਗੀਆਂ। ਨਾਲ ਹੀ 15 ਜੂਨ ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੈਕੰਡਰੀ ਵਿਦਿਆਰਥੀਆਂ ਲਈ ਕੁਝ ‘ਕੰਟੈਕਟ’ ਸ਼ੁਰੂ ਕੀਤਾ ਜਾਵੇਗਾ।” ਉਹਨਾਂ ਨੇ ਕਿਹਾ ਕਿ ਅਜਿਹਾ ਦੂਜੇ ਦੇਸ਼ਾਂ ਵਿਚ ਵੀ ਕੀਤਾ ਗਿਆ ਹੈ ਅਤੇ ਉਸੇ ਤਰ੍ਹਾਂ ਵਿਦਿਆਰਥੀਆਂ ਨੂੰ ਵਾਪਸ ਕਲਾਸ ਵਿਚ ਭੇਜਣਾ ਸ਼ੁਰੂ ਕਰਨ ਦੀ ਲੋੜ ਹੈ। ਉਹਨਾਂ ਨੇ ਸਾਫ ਕੀਤਾ ਕਿ ਸਰਕਾਰ ਯੂਨੀਅਨਸ ਅਤੇ ਹੈੱਡ-ਟੀਚਰਸ ਨਾਲ ਇਸ ਸੰਬੰਧੀ ਰਾਏ ਲੈਂਦੀ ਰਹੇਗੀ।
ਕਮਿੰਗਸ ਬਾਰੇ ਦਿੱਤੀ ਇਹ ਸਫਾਈ
ਡਾਊਨਿੰਗ ਸਟ੍ਰੀਟ ‘ਤੇ ਮੀਡੀਆ ਨੂੰ ਬ੍ਰੀਫ ਕਰਦਿਆਂ ਜਾਨਸਨ ਨੇ ਕਿਹਾ ਹੈ ਕਿ ਕਮਿੰਗਸ ਨੇ ਜ਼ਿੰਮੇਵਾਰੀ ਦੇ ਨਾਲ, ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਆਪਣਾ ਕੰਮ ਕੀਤਾ ਅਤੇ ਉਹਨਾਂ ਦਾ ਮੁੱਖ ਉਦੇਸ਼ ਕੋਰੋਨਾ ਨੂੰ ਫੈਲਣ ਤੋਂ ਰੋਕਣਾ ਅਤੇ ਜ਼ਿੰਦਗੀਆਂ ਬਚਾਉਣਾ ਸੀ। ਅਸਲ ਵਿਚ ਮਾਰਚ ਦੇ ਅਖੀਰ ਵਿਚ ਕਮਿੰਗਸ ਲੰਡਨ ਤੋਂ ਡਰਹਮ ਗਏ ਸਨ ਜਿਸ ਨੂੰ ਲੈਕੇ ਸਵਾਲ ਕੀਤੇ ਜਾ ਰਹੇ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਾਨਸਨ ਦਾ ਕਹਿਣਾ ਹੈਕਿ ਉਹਨਾਂ ਨੇ ਕਮਿੰਗਸ ਨਾਲ ਗੱਲ ਕੀਤੀ ਹੈ ਅਤੇ ਉਹ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਕਮਿੰਗਸ ਨੇ ਇਕ ਪਿਤਾ ਦੇ ਤੌਰ ‘ਤੇ ਆਪਣੇ ਪਰਿਵਾਰ ਨੂੰ ਕੋਰੋਨਾ ਤੋਂ ਬਚਾਉਣ ਲਈ ਜੋ ਕੀਤਾ, ਉਸ ਲਈ ਉਹਨਾਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਜਾਨਸਨ ਨੇ ਦਾਅਵਾ ਕੀਤਾ ਕਿ ਕਮਿੰਗਸ ਨੇ ਨਿਯਮਾਂ ਦੀ ਪਾਲਣਾ ਕੀਤੀ ਸੀ।