ਜਲੰਧਰ – (ਹਰਜਿੰਦਰ ਛਾਬੜਾ) ਜ਼ਾਹਰ ਪੀਰ, ਜਗਤ ਗੁਰ ਬਾਬਾ ਸਤਿਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼-ਪੁਰਬ ’ਤੇ, ਇਸ ਧਰਤੀ ’ਤੇ ਵਸਦੇ ਸੱਤ ਬਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਜ਼ਾਹਰ-ਕਰਾਮਾਤ ਵੇਖੀ। ਸਾਊਥ ਏਸ਼ੀਆ ਵਿਚਲੇ ਨਿਊਕਲੀਅਰ ਹਥਿਆਰਾਂ ਨਾਲ ਲੈਸ ਦੋ ਮੁਲਕਾਂ, ਭਾਰਤ ਤੇ ਪਾਕਿਸਤਾਨ ਵਿਚਕਾਰ, ਜਿਥੇ ਪਿਛਲੇ ਕਈ ਦਹਾਕਿਆਂ ਤੋਂ ਸਿਰਫ ਤੇ ਸਿਰਫ ਨਫਰਤ ਤੇ ਗਾਲੀ-ਗਲੋਚ ਦੀ ਤਜ਼ਾਰਤ ਹੁੰਦੀ ਹੈ, ਉਥੇ ਇਸ ਮੌਕੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚਲੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਆਪਸ ਵਿੱਚ ਜੋੜਨ ਵਾਲੇ ‘ਲਾਂਘੇ’ ਨੂੰ ਬਣਾਉਣ ਲਈ ਸਹਿਮਤ ਹੋਈਆਂ।
ਇਸਤੋਂ ਬਾਅਦ ਵਿੱਚ ਲਾਂਘੇ ਦੀਆਂ ਸ਼ਰਤਾਂ ਦੀ ਕਸ਼ਮਕਸ਼ ਸ਼ੁਰੂ ਹੋਈ, 20 ਡਾਲਰ ਦੀ ਫੀਸ ਦਾ ਮਾਮਲਾ, ਇਸਤੋਂ ਬਾਅਦ ਪਾਸਪੋਰਟ ਦਾ ਮਾਮਲਾ ਸਾਹਮਣੇ ਆਇਆ। ਅਖੀਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦਿਆਂ ਪਾਸਪੋਰਟ ਤੋਂ ਛੋਟ ਦੇ ਦਿੱਤੀ ਹੈ। ਇਮਰਾਨ ਖਾਨ ਨੇ ਆਪਣੇ ਟਵੀਟ ‘ਚ ਲਿਖਿਆ ਕਿ ਹੁਣ ਭਾਰਤ ਤੋਂ ਕਰਤਾਰਪੁਰ ਸਾਹਿਬ, ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਲਿਆਉਣ ਦੀ ਲੋੜ ਨਹੀਂ ਅਤੇ ਸਿਰਫ ਉਨਾਂ ਨੂੰ ਵੈਧ ਪਛਾਣ ਪੱਤਰ ਦੀ ਲੋੜ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਲਾਂਘੇ ਦੇ ਉਦਘਾਟਨ ‘ਤੇ 550ਵੇਂ ਪ੍ਰਕਾਸ਼ ਪੁਰਬ ਮੌਕੇ ਫੀਸ ਨਹੀਂ ਲੱਗੇਗੀ। ਇਸ ਛੋਟ ਬਾਰੇ ਖੁਲਾਸਾ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਮਿਲੀ ਇਸ ਛੋਟ ਦਾ ਕਰੈਡਿਟ ਇੰਗਲੈਂਡ ਰਹਿੰਦੇ ਸਿੱਖ ਕਾਰੋਬਾਰੀ ਹਰਦੀਪ ਸਿੰਘ ਉਰਫ ਪੀਟਰ ਵਿਰਦੀ ਨੂੰ ਜਾਂਦਾ ਹੈ।
ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਪੀਟਰ ਵਿਰਦੀ ਵਲੋਂ ਪਾਕਿਸਤਾਨ ਵਿੱਚ ਬਣਾਏ ਜਾ ਰਹੇ ਗੁਰਧਾਮਾਂ ਵਿੱਚ ਪਾਕਿਸਤਾਨ ਸਰਕਾਰ ਦੀ ਕਾਫੀ ਮਾਲੀ ਮਦਦ ਵੀ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਪਾਕਿਸਤਾਨ ਟੂਰਿਜ਼ਮ ਬੋਰਡ ਦੇ ਚੈਅਰਮੈਨ ਸ਼ਾਇਦ ਜ਼ੁਲਫਿਕਾਰ ਬੁਖਾਰੀ ਨਾਲ ਪੀਟਰ ਵਿਰਦੀ ਦੇ ਕਰੀਬੀ ਸਬੰਧ ਹੋਣ ਕਰਕੇ ਉਹਨਾਂ ਨੂੰ ਇਹ ਗੁਜਾਰਿਸ਼ ਕੀਤੀ ਗਈ ਕਿ ਪੰਜਾਬ ਦੇ ਬਹੁਤੇ ਸਿੱਖ ਪੇਂਡੂ ਇਲਾਕਿਆਂ ਚੋਂ ਹਨ, ਜੋ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਆਉਣਾ ਲੋਚਦੇ ਹਨ ਪਰ ਬਹੁਤ ਸਾਰੇ ਅਜਿਹੇ ਹਨ ਜਿਨਾਂ ਕੋਲ ਪਾਸਪੋਰਟ ਨਹੀਂ ਹੈ, ਖਾਸ ਕਰਕੇ ਬਜ਼ੁਰਗ, ਸੋ ਪਾਸਪੋਰਟ ਦੀ ਛੋਟ ਦਿੱਤੀ ਜਾਵੇ, ਜਿਸਨੂੰ ਮੰਨਦਿਆਂ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਲਿਆ। ਦੱਸ ਦਈਏ ਕਿ ਲੰਡਨ ਵਿੱਚ ਪੀਟਰ ਵਿਰਦੀ ਫਾਊਂਡੇਸ਼ਨ ਦੇ ਸਿੱਖ ਭਾਈਚਾਰੇ ਨੇ ਪਾਕਿਸਤਾਨ ਟੂਰਿਜ਼ਮ ਬੋਰਡ ਦੇ ਚੇਅਰਮੈਨ ਜ਼ੁਲਫਕਾਰ ਬੁਖਾਰੀ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਦੇ ਨਾਲ ਲੰਡਨ ਵਿੱਚ ਹੋਈ ਬੈਠਕ ਵਿੱਚ ਕਰਤਾਰਪੁਰ ਕੋਰੀਡੋਰ ਲਈ 500 ਮਿਲੀਅਨ ਪੌਂਡ ਦਾ ਨਿਵੇਸ਼ ਕੀਤਾ ਹੈ। ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਕਰਤਾਰਪੁਰ ਲਾਂਘੇ ਰਾਹੀਂ ਜਾਣ ਦੇ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੇ ਹਨ। ਇਸ ਰਾਹੀਂ ਭਾਰਤੀ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕਣਗੇ।