ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਿਸ਼ੇਸ਼ ਬਲਾਂ (ਸੀਕ੍ਰੇਟ ਯੂਐੱਸ ਸਪੈਸ਼ਲ ਫੋਰਸਿਜ਼) ਨੇ ਉੱਤਰ-ਪੱਛਮੀ ਸੀਰੀਆ ’ਚ ਇਕ ਮੁਹਿੰਮ ਦੌਰਾਨ ਇਸਲਾਮਿਕ ਸਟੇਟ (ਆਈਐੱਸ) ਦੇ ‘ਜ਼ਾਲਿਮ’ ਆਗੂ ਅਬੂ ਬਕਰ ਅਲ-ਬਗ਼ਦਾਦੀ ਨੂੰ ਮਾਰ ਮੁਕਾਇਆ ਹੈ। ਸੰਸਾਰ ਦਾ ਨੰਬਰ ਇਕ ਅਤਿਵਾਦੀ ਬਗ਼ਦਾਦੀ ਕਈ ਚਿਰ ਹਥਿਆਰਬੰਦ ਬਲਾਂ ਦੀ ਪਹੁੰਚ ਤੋਂ ਬਾਹਰ ਸੀ। ਟਰੰਪ ਨੇ ਕਿਹਾ ਕਿ ‘ਬਗ਼ਦਾਦੀ ਇਕ ਕੁੱਤੇ ਵਾਂਗ ਕਾਇਰਾਨਾ ਰੁਖ਼ ਅਖ਼ਤਿਆਰ ਕਰਦਿਆਂ ਮਾਰਿਆ ਗਿਆ ਹੈ।’ ਐਤਵਾਰ ਸਵੇਰੇ ਵ੍ਹਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਵਿਸ਼ੇਸ਼ ਸਿਖ਼ਲਾਈ ਪ੍ਰਾਪਤ ਅਮਰੀਕੀ ਕੇ9 ਕੁੱਤਿਆਂ ਨੇ ਆਈਐੱਸਆਈਐੱਸ ਆਗੂ ਦਾ ਪਿੱਛਾ ਕੀਤਾ ਤੇ ਉਸ ਨੂੰ ਇਕ ਲੰਮੀ ਸੁਰੰਗ ਵਿਚ ਤਿੰਨ ਬੱਚਿਆਂ ਨਾਲ ਘੇਰ ਲਿਆ। ਬਗ਼ਦਾਦੀ (48) ਕੋਲ ਜਦ ਕੋਈ ਚਾਰਾ ਨਹੀਂ ਬਚਿਆ ਤਾਂ ਉਸ ਨੇ ਪਹਿਨੀ ਹੋਈ ਆਤਘਾਤੀ ਜੈਕੇਟ ਨਾਲ ਖ਼ੁਦ ਨੂੰ ਉਡਾ ਲਿਆ। ਬਗ਼ਦਾਦੀ ਨੇ ਜਦ ਖ਼ੁਦ ਨੂੰ ਉਡਾਇਆ ਤਾਂ ਨਾਲ ਬੱਚੇ ਵੀ ਮਾਰੇ ਗਏ। ਸੁਰੰਗ ਵੀ ਉਨ੍ਹਾਂ ਦੇ ਉਪਰ ਹੀ ਢਹਿ-ਢੇਰੀ ਹੋ ਗਈ। ਦੱਸਣਯੋਗ ਹੈ ਕਿ ਬਗ਼ਦਾਦੀ ਨੂੰ ਆਈਐੱਸਆਈਐੱਸ ਦਾ ਸੰਸਥਾਪਕ ਤੇ ਸਿਖ਼ਰਲਾ ਆਗੂ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਇਸਲਾਮਿਕ ਸਟੇਟ ਵੀ ਦੁਨੀਆ ਦੀ ਸਭ ਤੋਂ ਖ਼ਤਰਨਾਕ ਤੇ ਹਿੰਸਕ ਅਤਿਵਾਦੀ ਜਥੇਬੰਦੀ ਕਰਾਰ ਦਿੱਤੀ ਗਈ ਹੈ। ਵ੍ਹਾਈਟ ਹਾਊਸ ਦੇ ਈਸਟ ਰੂਮ ’ਚ ਰਾਸ਼ਟਰਪਤੀ ਟਰੰਪ ਨੇ ਟੈਲੀਵਿਜ਼ਨ ’ਤੇ ਕੀਤੇ ਐਲਾਨ ਵਿਚ ਕਿਹਾ ਕਿ ਅਮਰੀਕਾ ਨੇ ਬਗ਼ਦਾਦੀ ਦਾ ਨਿਆਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਰਾਤ ਅਮਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਰਾਹਤ ਲੈ ਕੇ ਆਈ। ਇਕ ਜ਼ਾਲਿਮਾਨਾ ਹਤਿਆਰੇ, ਜਿਸ ਨੇ ਦੁਨੀਆ ਨੂੰ ਔਖ ਤੇ ਮੌਤ ਵੱਲ ਧੱਕ ਦਿੱਤਾ, ਖ਼ੁਦ ਵੀ ਖ਼ਤਰਨਾਕ ਢੰਗ ਨਾਲ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਮਰੀਕੀ ਬਲਾਂ ਨੇ ‘ਰਾਤ ਨੂੰ ਕੀਤੀ ਬੇਹੱਦ ਹਿੰਮਤੀ ਤੇ ਖ਼ਤਰਨਾਕ ਕਾਰਵਾਈ ’ਚ ਬਗ਼ਦਾਦੀ ਨੂੰ ਖ਼ਤਮ ਕਰਨ ਦੀ ਪ੍ਰਾਪਤੀ ਕੀਤੀ ਹੈ।’
ਟਰੰਪ ਨੇ ਦੱਸਿਆ ‘ਵ੍ਹਾਈਟ ਹਾਊਸ ਦੇ ਸਿਚੂਏਸ਼ਨ ਰੂਮ ’ਚੋਂ ਉਪ ਰਾਸ਼ਟਰਪਤੀ ਮਾਈਕ ਪੈਂਸ ਤੇ ਸਿਖ਼ਰਲੀ ਫ਼ੌਜੀ ਲੀਡਰਸ਼ਿਪ ਨਾਲ ਸਾਰਾ ਕੁਝ ਲਾਈਵ ਦੇਖਿਆ, ਕਿਸੇ ਫ਼ਿਲਮ ਨਾਲੋਂ ਵੀ ਵਧੀਆ।’ ਟਰੰਪ ਨੇ ਕਿਹਾ ਕਿ ਬਗ਼ਦਾਦੀ ਨੇ ਜਿਵੇਂ ਬੇਦੋਸ਼ੇ ਲੋਕਾਂ ਨਾਲ ਸਲੂਕ ਕੀਤਾ, ਉਸ ਨਾਲ ਵੀ ਉਸੇ ਤਰ੍ਹਾਂ ਦਾ ਵਿਹਾਰ ਕੀਤਾ ਗਿਆ। ਉਨ੍ਹਾਂ ਖ਼ੁਲਾਸਾ ਕੀਤਾ ਕਿ ਅਮਰੀਕਾ ਤਿੰਨ ਸਾਲ ਤੋਂ ਉਸ ਨੂੰ ਲੱਭ ਰਿਹਾ ਸੀ। ਟਰੰਪ ਨੇ ਕਿਹਾ ਕਿ ਮਰਨ ਤੋਂ ਪਹਿਲਾਂ ‘ਬਗ਼ਦਾਦੀ ਬੇਹੱਦ ਡਰਿਆ ਹੋਇਆ ਸੀ ਤੇ ਰੋ ਰਿਹਾ ਸੀ।’ ਰਾਸ਼ਟਰਪਤੀ ਨੇ ਕਿਹਾ ਕਿ ਬਗ਼ਦਾਦੀ ਦਾ ਖ਼ਾਤਮਾ ਕਰ ਕੇ ਅਮਰੀਕਾ ਨੇ ਆਈਐੱਸ ਤੇ ਹੋਰ ਦਹਿਸ਼ਤਗਰਦ ਸੰਗਠਨਾਂ ਅਤੇ ਉਨ੍ਹਾਂ ਦੇ ਆਗੂਆਂ ਦੀ ਹਾਰ ਸੰਭਵ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਅਪਰੇਸ਼ਨ ਵਿਚ ਅਮਰੀਕਾ ਦਾ ਕੋਈ ਫ਼ੌਜੀ ਨਹੀਂ ਮਾਰਿਆ ਗਿਆ ਤੇ ਬਗ਼ਦਾਦੀ ਦੇ ਕੁਝ ਹਮਾਇਤੀ ਗ੍ਰਿਫ਼ਤਾਰ ਕਰ ਲਏ ਗਏ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਕੁਝ ‘ਬੇਹੱਦ ਸੰਵੇਦਨਸ਼ੀਲ ਸਮੱਗਰੀ ਤੇ ਸੂਚਨਾ ਵੀ ਇਕੱਤਰ ਕੀਤੀ ਹੈ।’ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਅਪਰੇਸ਼ਨ ਦੀ ਵੀਡੀਓ ‘ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਕਿ ਕਿਵੇਂ ਉਹ ਕਾਇਰਾਂ ਵਾਂਗੂ ਮਰਿਆ’। ਸ਼ਨਾਖ਼ਤ ਯਕੀਨੀ ਬਣਾਉਣ ਲਈ ਮਗਰੋਂ ਉਸ ਦੇ ਡੀਐੱਨਏ ਟੈਸਟ ਕੀਤੇ ਗਏ। ਟਰੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਨੂੰ ਬਗ਼ਦਾਦੀ ਦੇ ਜਾਨਸ਼ੀਨ ਬਾਰੇ ਜਾਣਕਾਰੀ ਹੈ ਤੇ ਉਸ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਬਗ਼ਦਾਦੀ ਦੀ ਮੌਤ ਨੂੰ ਟਰੰਪ ਦੀ ‘ਸਿਆਸੀ ਜਿੱਤ’ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਵਿਰੋਧੀਆਂ ਨੇ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਆਰੰਭੀ ਹੋਈ ਹੈ। ਟਰੰਪ ਨੇ ਸੀਰਿਆਈ ਕੁਰਦਾਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਹੈ।