ਕੈਂਸਰ ਨਾਲ ਜੂਝ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨੇ ਐਤਵਾਰ ਨੂੰ ਇੱਥੇ ਮਾਂਡੋਵੀ ਨਦੀ ’ਤੇ ਇਕ ਉਸਾਰੀ ਅਧੀਨ ਪੁਲ ਦਾ ਜਾਇਜ਼ਾ ਲਿਆ। ਦਿੱਲੀ ਦੇ ਏਮਜ਼ ਵਿਚ ਇਲਾਜ ਕਰਵਾਉਣ ਤੋਂ ਬਾਅਦ ਪਰੀਕਰ 14 ਅਕਤੂਬਰ ਨੂੰ ਗੋਆ ਪਰਤੇ ਸਨ। ਉਸ ਤੋਂ ਬਾਅਦ ਉਹ ਪਹਿਲੀ ਵਾਰ ਜਨਤਕ ਤੌਰ ’ਤੇ ਨਜ਼ਰ ਆਏ ਹਨ। ਉਨ੍ਹਾਂ ਇੱਥੋਂ 15 ਕਿਲੋਮੀਟਰ ਦੂਰ ਜ਼ੁਆਰੀ ਨਦੀ ਉੱਤੇ ਬਣ ਰਹੇ ਇਕ ਪੁਲ ਦਾ ਵੀ ਜਾਇਜ਼ਾ ਲਿਆ। ਦਿੱਲੀ ਤੋਂ ਪਰਤਣ ਮਗਰੋਂ ਪਰੀਕਰ ਇੱਥੇ ਆਪਣੀ ਨਿੱਜੀ ਰਿਹਾਇਸ਼ ’ਤੇ ਆਰਾਮ ਕਰ ਰਹੇ ਹਨ ਤੇ 14 ਅਕਤੂਬਰ ਤੋਂ ਬਾਅਦ ਪਹਿਲੀ ਵਾਰ ਅੱਜ ਜਨਤਕ ਤੌਰ ’ਤੇ ਉਨ੍ਹਾਂ ਕਿਸੇ ਸਰਕਾਰੀ ਕਾਰਜ ਦਾ ਜਾਇਜ਼ਾ ਲਿਆ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਪਰੀਕਰ ਪੋਰਵੋਰਿਮ ਤੋਂ ਮਰਸਿਸ ਤੱਕ ਪੁਲ ਦਾ ਨਿਰੀਖ਼ਣ ਕਰਨ ਲਈ ਆਏ ਤੇ ਫਿਰ ਮਾਂਡੋਵੀ ਉੱਤੇ ਬਣ ਰਹੇ ਪੁਲ ਦਾ ਵੀ ਜਾਇਜ਼ਾ ਲਿਆ। ਅਗਲੇ ਸਾਲ ਮੁਕੰਮਲ ਹੋਣ ਵਾਲਾ ਇਹ ਪੁਲ ਪਣਜੀ ਨੂੰ ਉੱਤਰੀ ਗੋਆ ਨਾਲ ਜੋੜੇਗਾ। ਪਰੀਕਰ ਖ਼ੁਦ ਕਾਰ ਵਿਚੋਂ ਉਤਰੇ ਤੇ ਗੋਆ ਦੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਕੰਮ ਦੀ ਪ੍ਰਗਤੀ ਬਾਰੇ ਗੱਲਬਾਤ ਕੀਤੀ।