ਪਰਮਾਣੂ ਸਮਝੌਤੇ ਦੀਆਂ ਆਖ਼ਰੀ ਹੱਦਾਂ ਉਲੰਘਣ ਵੱਲ ਵਧਿਆ ਇਰਾਨ
ਵਾਸ਼ਿੰਗਟਨ- ਅਮਰੀਕੀ ਹਮਲੇ ਵਿਚ ਮਾਰੇ ਗਏ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਥਾਂ ਲੈਣ ਜਾ ਰਹੇ ਨਵੇਂ ਜਨਰਲ ਇਸਮਾਈਲ ਗ਼ਨੀ ਨੇ ਅਹਿਦ ਕੀਤਾ ਹੈ ਕਿ ਤਹਿਰਾਨ ਬਦਲਾ ਲਵੇਗਾ। ਸੰਸਾਰ ਦੇ ਹੋਰ ਵੱਡੇ ਮੁਲਕਾਂ ਨਾਲ 2015 ਵਿਚ ਕੀਤੇ ਪਰਮਾਣੂ ਸਮਝੌਤੇ ਦੀਆਂ ਆਖ਼ਰੀ ਹੱਦਾਂ ਵੀ ਇਰਾਨ ਨੇ ਉਲੰਘਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਰਾਕ ਦੀ ਸੰਸਦ ਨੇ ਮੁਲਕ ਵਿਚੋਂ ਸਾਰੀਆਂ ਅਮਰੀਕੀ ਫ਼ੌਜਾਂ ਨੂੰ ਕੱਢਣ ਦਾ ਸੱਦਾ ਦਿੱਤਾ ਹੈ। ਇਸ ਨਾਲ ਖ਼ਤਰਾ ਹੋਰ ਵਧ ਗਿਆ ਹੈ। ਇਰਾਨ ਪਰਮਾਣੂ ਬੰਬ ਬਣਾ ਕੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਤੇ ਇਰਾਕ ਵਿਚ ਇਸਲਾਮਿਕ ਸਟੇਟ ਦੀ ਵਾਪਸੀ ਹੋ ਸਕਦੀ ਹੈ। ਜੇ ਇਹ ਘਟਨਾਵਾਂ ਵਾਪਰਦੀਆਂ ਹਨ ਤਾਂ ਮੱਧ ਪੂਰਬ ਬੇਹੱਦ ਖ਼ਤਰਨਾਕ ਤੇ ਅਸਥਿਰ ਹੋ ਜਾਵੇਗਾ। ਤਣਾਅ ਵਿਚ ਹੋਰ ਵਾਧਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਕੀ ਸੰਸਦ ਦੇ ਮਤੇ ਦੇ ਮੱਦੇਨਜ਼ਰ ਉੱਥੋਂ ਦੀ ਸਰਕਾਰ ਕੋਲੋਂ ਅਰਬਾਂ ਡਾਲਰ ਮੁਆਵਜ਼ਾ ਮੰਗ ਲਿਆ ਹੈ। ਅਜਿਹਾ ਨਾ ਕਰਨ ’ਤੇ ਟਰੰਪ ਨੇ ‘ਅਜਿਹੀਆਂ ਪਾਬੰਦੀਆਂ ਲਾਉਣ ਦੀ ਧਮਕੀ ਦਿੱਤੀ ਹੈ ਜੋ ਇਰਾਕ ਨੇ ਕਦੇ ਨਹੀਂ ਝੱਲੀਆਂ ਹੋਣੀਆਂ।’ ਦੱਸਣਯੋਗ ਹੈ ਕਿ ਅਮਰੀਕਾ ਨੇ ਇਰਾਕ ਵਿਚ ਕਾਫ਼ੀ ਮਹਿੰਗਾ ਫ਼ੌਜੀ ਹਵਾਈ ਅੱਡਾ ਉਸਾਰਿਆ ਹੈ। ਗ਼ਨੀ ਹੁਣ ਰੈਵੋਲਿਊਸ਼ਨਰੀ ਗਾਰਡਜ਼ ਦੀ ਕੁਦਸ ਫੋਰਸ ਦੇ ਮੁਖੀ ਹਨ ਜੋ ਕਿ ਸਿਰਫ਼ ਤੇ ਸਿਰਫ਼ ਇਰਾਨ ਦੇ ਚੋਟੀ ਦੇ ਆਗੂ ਆਇਤੁੱਲ੍ਹਾ ਅਲੀ ਖ਼ਮੇਨੀ ਨੂੰ ਜਵਾਬਦੇਹ ਹੈ। ਅਮਰੀਕਾ ਦਾ ਸਾਊਦੀ ਅਰਬ ਵਿਚ ਸਥਿਤ ਦੂਤਾਵਾਸ ਮਿਜ਼ਾਈਲ ਤੇ ਡਰੋਨ ਹਮਲਿਆਂ ਦੀ ਚਿਤਾਵਨੀ ਜਾਰੀ ਕਰ ਚੁੱਕਾ ਹੈ। ਖਿੱਤੇ ਵਿਚ ਸਥਿਤ ਅਮਰੀਕੀ ਫ਼ੌਜੀ ਟਿਕਾਣੇ, ਜੰਗੀ ਬੇੜੇ ਤੇ ਕਰਮਚਾਰੀ ਕਦੇ ਵੀ ਇਰਾਨੀ ਹੱਲੇ ਦਾ ਸ਼ਿਕਾਰ ਬਣ ਸਕਦੇ ਹਨ। ਟਰੰਪ ਨੇ ਇਰਾਨ ਨੂੰ ਜ਼ੋਰਦਾਰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਤਹਿਰਾਨ ਨੇ ਅਮਰੀਕਾ ਖ਼ਿਲਾਫ਼ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਕੋਈ ਕਾਰਵਾਈ ਕੀਤੀ ਤਾਂ ਉਹ ਵੀ ‘ਜ਼ੋਰਦਾਰ ਜਵਾਬ’ ਦੇਣਗੇ। ਅਮਰੀਕੀ ਰਾਸ਼ਟਰਪਤੀ ਨੇ ਇਰਾਨ ਦੀਆਂ ਵਿਰਾਸਤੀ ਥਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਸੰਕੇਤ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਰਾਨ ਸਾਡੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਜੋ ਮਰਜ਼ੀ ਕਰਦਾ ਰਹੇ ਤੇ ਅਸੀਂ ਚੁੱਪ ਰਹੀਏ, ਇਹ ਨਹੀਂ ਹੋ ਸਕਦਾ। ਰੈਵੋਲਿਊਸ਼ਨਰੀ ਗਾਰਡਜ਼ ਦੇ ਇਕ ਸਾਬਕਾ ਆਗੂ ਮੋਹਸਿਨ ਰਿਜ਼ਈ ਨੇ ਇਸਰਾਇਲੀ ਸ਼ਹਿਰ ਹਈਫ਼ਾ ਤੇ ਤਲ ਅਵੀਵ ਨੂੰ ਨਿਸ਼ਾਨਾ ਬਣਾ ਕੇ ‘ਮਲਬੇ’ ਵਿਚ ਤਬਦੀਲ ਕਰਨ ਦਾ ਸੁਝਾਅ ਦਿੱਤਾ ਹੈ। ਗ਼ਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਕੋ ਇਕ ਮੰਤਵ ਅਮਰੀਕਾ ਨੂੰ ਖਿੱਤੇ ਵਿਚੋਂ ਬਾਹਰ ਕਰਨਾ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀ ਕਹਿ ਦਿੱਤਾ ਹੈ ਕਿ ਪਰਮਾਣੂ ਗਤੀਵਿਧੀਆਂ ਦੇ ਖੋਜ ਤੇ ਵਿਕਾਸ ਉੱਤੇ ਜ਼ਿਆਦਾਤਰ ਪਾਬੰਦੀਆਂ ਹੁਣ ਉਹ ਨਹੀਂ ਮੰਨਣਗੇ। ਚੀਨ ਨੇ ਅਮਰੀਕਾ ਦੀ ਮੱਧ ਪੂਰਬ ਵਿਚਲੀ ਕਾਰਵਾਈ ਦੀ ਕਰੜੀ ਨਿਖੇਧੀ ਕਰਦਿਆਂ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ ਹੈ। ਪੇਈਚਿੰਗ ਨੇ ਇਸ ਮਾਮਲੇ ’ਤੇ ‘ਵੱਡੀ ਚਿੰਤਾ’ ਜਤਾਈ ਹੈ।