ਇਰਾਨ ਦੀ ਰਾਜਧਾਨੀ ਤਹਿਰਾਨ ਦੇ ਮੁੱਖ ਹਵਾਈ ਅੱਡੇ ਤੋਂ ਚਾਲਕ ਅਮਲੇ ਦੇ ਨੌਂ ਅਤੇ 167 ਮੁਸਾਫ਼ਰਾਂ ਨਾਲ ਉਡਿਆ ਯੂਕਰੇਨ ਦਾ ਇਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਹਾਦਸੇ ਵਿਚ ਚਾਲਕ ਅਮਲੇ ਸਣੇ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ। ਜ਼ਿਆਦਾਤਰ ਯਾਤਰੀ ਇਰਾਨੀ ਨਾਗਰਿਕ ਸਨ। ਜਹਾਜ਼ ਯੂਕਰੇਨ ਦੀ ਰਾਜਧਾਨੀ ਕੀਵ ਜਾ ਰਿਹਾ ਸੀ। ਇਰਾਨੀ ਨਾਗਰਿਕ ਜ਼ਿਆਦਾਤਰ ਵਿਦਿਆਰਥੀ ਸਨ ਜੋ ਕਿ ਛੁੱਟੀਆਂ ਮਗਰੋਂ ਯੂਕਰੇਨ ਪਰਤ ਰਹੇ ਸਨ। ਇਰਾਨੀਆਂ ਤੋਂ ਇਲਾਵਾ ਜਹਾਜ਼ ਵਿਚ 63 ਕੈਨੇਡੀਅਨ ਨਾਗਰਿਕ ਵੀ ਸਵਾਰ ਸਨ। ਜਹਾਜ਼ ਉਡਾਨ ਭਰਨ ਤੋਂ ਕੁਝ ਦੇਰ ਮਗਰੋਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਰਾਨ ਦੇ ਸਰਕਾਰੀ ਟੀਵੀ ਦੀ ਰਿਪੋਰਟ ਮੁਤਾਬਕ ਜਹਾਜ਼ ਇਮਾਮ ਖੋਮੇਨੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਿਆ ਸੀ ਤੇ ਇਸ ਦੇ ਇਕ ਇੰਜਨ ਵਿਚ ਅੱਗ ਲੱਗ ਗਈ। ਪਾਇਲਟ ਜਹਾਜ਼ ’ਤੇ ਕਾਬੂ ਨਹੀਂ ਰੱਖ ਸਕਿਆ ਤੇ ਜ਼ਮੀਨ ’ਤੇ ਡਿੱਗ ਕੇ ਇਹ ਤਬਾਹ ਹੋ ਗਿਆ। ਕਈ ਹੋਰ ਮੁਲਕਾਂ ਦੇ ਯਾਤਰੀ ਵੀ ਜਹਾਜ਼ ’ਚ ਸਨ। ਫਲਾਈਟ ਡੇਟਾ ਮੁਤਾਬਕ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਬੋਇੰਗ 737-800 ਬੁੱਧਵਾਰ ਸਵੇਰੇ ਉਡਿਆ ਤੇ ਕੁਝ ਦੇਰ ਬਾਅਦ ਇਸ ਦਾ ਜ਼ਮੀਨ ਨਾਲੋਂ ਸੰਪਰਕ ਟੁੱਟ ਗਿਆ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਅਫ਼ਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹਾਦਸੇ ਪਿਛਲਾ ਕਾਰਨਾਂ ਦਾ ਪਤਾ ਲਾਉਣਾ ਤੇ ਪਰਿਵਾਰਾਂ ਨੂੰ ਰਾਹਤ ਪਹੁੰਚਾਉਣਾ ਸਰਕਾਰ ਦੀ ਪਹਿਲ ਹੈ। ਬੋਇੰਗ 737-800 ਦੋ ਇੰਜਨਾਂ ਵਾਲਾ ਜਹਾਜ਼ ਹੈ ਅਤੇ ਆਮ ਤੌਰ ’ਤੇ ਦਰਮਿਆਨੀ ਤੇ ਘੱਟ ਦੂਰੀ ਲਈ ਵਰਤਿਆ ਜਾਂਦਾ ਹੈ। ਹਾਦਸੇ ਲਈ ‘ਤਕਨੀਕੀ ਖ਼ਰਾਬੀ’ ਦਾ ਹੀ ਹਵਾਲਾ ਦਿੱਤਾ ਜਾ ਰਿਹਾ ਹੈ। ਇਰਾਨ ਦੀ ਹਵਾਬਾਜ਼ੀ ਬਾਰੇ ਅਥਾਰਿਟੀ ਨੇ ਕਿਹਾ ਹੈ ਕਿ ਉਹ ਹਾਦਸਾਗ੍ਰਸਤ ਬੋਇੰਗ 737 ਦਾ ਬਲੈਕ ਬੌਕਸ ਅਮਰੀਕਾ ਨੂੰ ਨਹੀਂ ਸੌਂਪੇਗਾ। ਦੱਸਣਯੋਗ ਹੈ ਕਿ ਬੋਇੰਗ ਅਮਰੀਕੀ ਕੰਪਨੀ ਹੈ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਬਲੈਕ ਬੌਕਸ ਜਾਂਚ ਲਈ ਕਿਸ ਮੁਲਕ ਭੇਜੇ ਜਾਣਗੇ।
HOME ਇਰਾਨ ’ਚ ਯੂਕਰੇਨ ਦਾ ਹਵਾਈ ਜਹਾਜ਼ ਹਾਦਸਾਗ੍ਰਸਤ, 176 ਮੌਤਾਂ