ਪੀਏਪੀ ਦੀ ਗੁਰਸ਼ਰਨਪ੍ਰੀਤ ਕੌਰ ਨੇ ਹਰਿਆਣੇ ਦੀ ਪਹਿਲਵਾਨ ਨੈਣਾਂ ਨੂੰ ਚਿੱਤ ਕਰ ਕੇ ‘ਮਹਾਂਭਾਰਤ ਕੇਸਰੀ’ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਵੇਂ ਮੁੰਡਿਆਂ ਦੇ ਵਰਗ ’ਚ ਇਹ ਖ਼ਿਤਾਬ ਇਰਾਕ ਦੇ ਪਹਿਲਵਾਨ ਮੁਹੰਮਦ ਮੁਰੜੀ ਦੀ ਝੋਲੀ ਪਿਆ। ਉਸ ਨੇ ਫ਼ਗਵਾੜੇ ਦੇ ਪਹਿਲਵਾਨ ਪ੍ਰਿਤਪਾਲ ਸਿੰਘ ਨੂੰ ਤਕੜੇ ਮੁਕਾਬਲੇ ’ਚ ਪਛਾੜਿਆ। ਇਹ ਮੁਕਾਬਲੇ ਪੁਰੇਵਾਲ ਖੇਡਾਂ ਤਹਿਤ ਜਗਤਪੁਰ ਦੇ ਸਟੇਡੀਅਮ ਵਿੱਚ ਕਰਵਾਏ ਗਏ। ਇਵੇਂ ‘ਭਾਰਤ ਕੁਮਾਰੀ’ ਲਈ ਗੁਰਦਾਸਪੁਰ ਦੀ ਪ੍ਰੀਤ ਨੇ ਫਰੀਦਕੋਟ ਦੀ ਗੁਰਸ਼ਰਨ ਕੌਰ ਨੂੰ ਹਰਾਇਆ। ਮੁੰਡਿਆਂ ਦਾ ‘ਸ਼ਾਨ-ਏ-ਹਿੰਦ’ ਮੁਕਾਬਲਾ ਪੰਕਜ ਸੋਨੀਪਤ ਤੇ ਜਸਕਰਨ ਪਟਿਆਲਾ ਵਿਚਕਾਰ ਹੋਇਆ। ਇਸ ’ਚ ਪੰਕਜ ਨੇ ਬਾਜੀ ਮਾਰੀ। ਪਹਿਲਵਾਨ ਸਰਵਣ ਨੇ ‘ਸਿਤਾਰਾ-ਏ-ਹਿੰਦ’ ਦੀ ਕੁਸ਼ਤੀ ’ਚ ਸੰਦੀਪ ਨੂੰ ਮਾਤ ਦਿੱਤੀ। ਦਿੱਲੀ ਦਾ ਕਰਨ ਸੋਨੀਪਤ ਦੇ ਸੁਮਿਤ ਨੂੰ ਅਤੇ ਸੰਦੀਪ ਖੰਨਾ ਆਪਣੇ ਵਿਰੋਧੀ ਦੀਪਕ ਅਲੀ ਨੂੰ ਹਰਾ ਕੇ ਕ੍ਰਮਵਾਰ ‘ਆਫ਼ਤਾਬ-ਏ-ਹਿੰਦ’ ਤੇ ‘ਸ਼ੇਰ-ਏ-ਹਿੰਦ’ ਬਣੇ। ਜੇਤੂਆਂ ਨੂੰ ਨਕਦੀ ਤੇ ਹਰਬੰਸ ਸਿੰਘ ਸਿੰਘ ਪੁਰੇਵਾਲ ਯਾਦਗਾਰੀ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਰਸਮ ਨਿਭਾਉਣ ਵਾਲਿਆਂ ’ਚ ਗੁਰਜੀਤ ਸਿੰਘ ਪੁਰੇਵਾਲ, ਮੋਹਣ ਸਿੰਘ, ਪੀ ਆਰ ਸੌਂਧੀ, ਕੁਲਤਾਰ ਸਿੰਘ, ਸਤਨਾਮ ਸਿੰਘ, ਰਾਜੀਵ ਸ਼ਰਮਾ, ਮਾਸਟਰ ਜੋਗਾ ਸਿੰਘ ਆਦਿ ਸ਼ਾਮਲ ਸਨ।