ਇਰਫ਼ਾਨ ਪਠਾਨ ਨੇ ਅੱਜ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਹ ਆਪਣੇ ਕਰੀਅਰ ਦੌਰਾਨ ਜ਼ਿਆਦਾਤਰ ਸਮਾਂ ਸੱਟਾਂ ਨਾਲ ਜੂਝਦਾ ਰਿਹਾ, ਜਿਸ ਕਾਰਨ ਆਪਣੀ ਅਸਲ ਸਮਰੱਥਾ ਵੀ ਨਹੀਂ ਵਿਖਾ ਸਕਿਆ। ਇਸ 35 ਸਾਲਾ ਖਿਡਾਰੀ ਦਾ ਸੰਨਿਆਸ ਲੈਣਾ ਤੈਅ ਮੰਨਿਆ ਜਾ ਸੀ ਕਿਉਂਕਿ ਉਸ ਨੇ ਜੰਮੂ ਕਸ਼ਮੀਰ ਵੱਲੋਂ ਆਪਣਾ ਆਖ਼ਰੀ ਮੈਚ ਫਰਵਰੀ 2019 ਵਿੱਚ ਸਈਦ ਮੁਸ਼ਤਾਕ ਅਲੀ ਟਰਾਫ਼ੀ ਵਿੱਚ ਖੇਡਿਆ ਸੀ। ਉਹ ਬੀਤੇ ਮਹੀਨੇ ਆਈਪੀਐੱਲ ਨਿਲਾਮੀ ਵਿੱਚ ਵੀ ਸ਼ਾਮਲ ਨਹੀਂ ਹੋਇਆ ਸੀ।
ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਸਾਲ 2003 ਵਿੱਚ ਆਸਟਰੇਲੀਆ ਖ਼ਿਲਾਫ਼ ਐਡੀਲੇਡ ਓਵਲ ਵਿੱਚ ਭਾਰਤ ਵੱਲੋਂ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ। ਉਹ ਬਹੁਤ ਤੇਜ਼ ਗੇਂਦਬਾਜ਼ੀ ਨਹੀਂ ਕਰਦਾ ਸੀ, ਪਰ ਸੱਜੇ ਹੱਥ ਦੇ ਬੱਲੇਬਾਜ਼ਾਂ ਲਈ ਸਵਿੰਗ ਕਰਵਾਉਣ ਦੀ ਸਮਰੱਥਾ ਕਾਰਨ ਉਸ ਨੂੰ ਛੇਤੀ ਹੀ ਸਫਲਤਾ ਮਿਲਣ ਲੱਗੀ। ਉਸ ਦੀ ਕਪਿਲ ਨਾਲ ਵੀ ਤੁਲਨ ਕੀਤੀ ਜਾਣ ਲੱਗੀ। ਭਾਰਤ ਵੱਲੋਂ ਆਖ਼ਰੀ ਮੈਚ ਅਕਤੂਬਰ 2012 ਵਿੱਚ ਖੇਡਣ ਵਾਲੇ ਇਰਫ਼ਾਨ ਨੇ 29 ਟੈਸਟ ਮੈਚਾਂ ਵਿੱਚ 1105 ਦੌੜਾਂ ਬਣਾਈਆਂ ਅਤੇ 100 ਵਿਕਟਾਂ ਲਈਆਂ। ਉਸ ਨੇ 120 ਇੱਕ ਰੋਜ਼ਾ ਵਿੱਚ 1544 ਦੌੜਾਂ ਬਣਾਉਣ ਤੋਂ ਇਲਾਵਾ 173 ਵਿਕਟਾਂ ਹਾਸਲ ਕੀਤੀਆਂ ਅਤੇ 24 ਟੀ-20 ਕੌਮਾਂਤਰੀ ਮੈਚਾਂ ਵਿੱਚ 172 ਦੌੜਾਂ ਬਣਾਈਆਂ ਅਤੇ 28 ਵਿਕਟਾਂ ਲਈਆਂ। ਉਹ ਵਿਸ਼ਵ ਟੀ-20 ਚੈਂਪੀਅਨਸ਼ਿਪ-2007 ਵਿੱਚ ਖ਼ਿਤਾਬ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ ਅਤੇ ਪਾਕਿਸਤਾਨ ਖ਼ਿਲਾਫ਼ ਫਾਈਨਲ ਮੈਚ ਵਿੱਚ ਉਸ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ ਸੀ। ਪਾਕਿਸਤਾਨ ਖ਼ਿਲਾਫ਼ ਸਾਲ 2006 ਵਿੱਚ ਉਹ ਹਰਭਜਨ ਸਿੰਘ ਮਗਰੋਂ ਟੈਸਟ ਮੈਚਾਂ ਵਿੱਚ ਹੈਟ੍ਰਿਕ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣਿਆ ਸੀ।
ਉਸ ਨੇ ਕਰਾਚੀ ਮੈਚ ਦੌਰਾਨ ਸਲਮਾਨ ਬੱਟ, ਯੂਨਿਸ ਖ਼ਾਨ ਅਤੇ ਮੁਹੰਮਦ ਯੂਸੁਫ਼ ਨੂੰ ਆਊਟ ਕਰਕੇ ਹੈਟ੍ਰਿਕ ਬਣਾਈ ਸੀ। ਉਸ ਨੇ ਪਰਥ ਦੀ ਮੁਸ਼ਕਲ ਵਿਕਟ ’ਤੇ ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ ਟੈਸਟ ਮੈਚ ਵਿੱਚ ਜਿੱਤ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਮਗਰੋਂ ਉਸ ਨੂੰ ਸੱਟਾਂ ਅਤੇ ਖ਼ਰਾਬ ਲੈਅ ਨਾਲ ਜੂਝਣਾ ਪਿਆ ਅਤੇ ਉਹ ਪਹਿਲਾਂ ਵਾਂਗ ਗੇਂਦ ਨੂੰ ਸਵਿੰਗ ਕਰਵਾਉਣ ਵਿੱਚ ਵੀ ਮਾਹਿਰ ਨਹੀਂ ਰਿਹਾ।
Sports ਇਰਫ਼ਾਨ ਪਠਾਨ ਨੇ ਕ੍ਰਿਕਟ ਤੋਂ ਸੰਨਿਆਸ ਲਿਆ