ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਮੁਲਕ ਵਿੱਚ ਰਹਿੰਦੇ ਹਿੰਦੂਆਂ ਨੂੰ ਹੋਲੀ ਦੀ ਵਧਾਈ ਦਿੱਤੀ ਹੈ। ਖ਼ਾਨ ਨੇ ਇਕ ਟਵੀਟ ’ਚ ਕਿਹਾ, ‘ਹਿੰਦੂ ਭਾਈਚਾਰੇ ਨੂੰ ਰੰਗਾਂ ਦੇ ਤਿਉਹਾਰ ਦੀ ਵਧਾਈ। ਦੁਆ ਕਰਦਾ ਹਾਂ ਕਿ ਇਹ ਤਿਉਹਾਰ ਉਨ੍ਹਾਂ ਲਈ ਖੁਸ਼ੀਆਂ ਤੇ ਅਮਨ ਭਰਿਆ ਰਹੇ।’ ਹੋਲੀ ਦਾ ਤਿਉਹਾਰ ਸਰਦੀਆਂ ਦੇ ਖ਼ਤਮ ਹੋਣ ਤੇ ਬਸੰਤ ਦੀ ਸ਼ੁਰੂਆਤ ਦਾ ਸੰਕੇਤ ਹੈ ਤੇ ਇਸ ਨੂੰ ‘ਰੰਗਾਂ ਦੇ ਤਿਉਹਾਰ’ ਜਾਂ ‘ਪਿਆਰ ਦੇ ਤਿਉਹਾਰ’ ਨਾਲ ਵੀ ਜਾਣਿਆ ਜਾਂਦਾ ਹੈ। ਉਧਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਪਰਸਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਟਵੀਟ ਕਰਕੇ ਅਵਾਮ ਨੂੰ ਹੋਲੀ ਦੇ ਤਿਓਹਾਰ ਦੀ ਵਧਾਈ ਦਿੱਤੀ। ਬਿਲਾਵਲ ਨੇ ਲਿਖਿਆ, ‘ਮੇਰੇ ਹਿੰਦੂ ਭੈਣ-ਭਰਾਵਾਂ ਨੂੰ ਹੋਲੀ ਦੀਆਂ ਵਧਾਈਆਂ। ਆਓ ਖ਼ੁਸ਼ੀ ਦੇ ਇਸ ਤਿਉਹਾਰ ਮੌਕੇ ਸ਼ਾਂਤੀ ਤੇ ਖੁ਼ਸ਼ਹਾਲੀ ਦਾ ਸੁਨੇਹਾ ਫੈਲਾਈਏ।’ ਪਾਕਿਸਤਾਨੀ ਹਿੰਦੂ ਕੌਂਸਲ ਮੁਤਾਬਕ ਮੁਲਕ ਦੀ 20 ਕਰੋੜ ਦੀ ਕੁੱਲ ਆਬਾਦੀ ਵਿੱਚ 4 ਫੀਸਦ ਹਿੰਦੂ ਹਨ। ਇਸ ਦੌਰਾਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਆਗੂ ਸ਼ਹਿਬਾਜ਼ ਸ਼ਰੀਫ਼ ਨੇ ਵੀ ਟਵੀਟ ਕਰਕੇ ਹਿੰਦੂਆਂ ਨੂੰ ਹੋਲੀ ਦੀ ਮੁਬਾਰਕਬਾਦ ਦਿੱਤੀ ਹੈ। ਇਸ ਦੌਰਾਨ ਪਾਕਿ ਪ੍ਰਧਾਨ ਮੰਤਰੀ ਨੇ ਸਿਖਰਲੇ ਫ਼ੌਜੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁਲਕ ਅਤੇ ਭਾਰਤ ਨਾਲ ਲਗਦੀ ਪੂਰਬੀ ਸਰਹੱਦ ’ਤੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ।
HOME ਇਮਰਾਨ ਨੇ ਹਿੰਦੂ ਭਾਈਚਾਰੇ ਨੂੰ ਹੋਲੀ ਦੀ ਵਧਾਈ ਦਿੱਤੀ