ਵਿਰਾਸਤੀ ਥਾਵਾਂ ਨੂੰ ਕੂੜੇਦਾਨ ਵਜੋਂ ਵਰਤ ਰਹੇ ਨੇ ਨਿੱਜੀ ਹਸਪਤਾਲ

ਫ਼ਰੀਦਕੋਟ- ਸਦੀ ਪੁਰਾਣੇ ਇਤਿਹਾਸਕ ਕਿਲੇ ਦੀਆਂ ਕੰਧਾਂ ਨਾਲ ਸ਼ਹਿਰ ਦੇ ਹਸਪਤਾਲਾਂ ਵੱਲੋਂ ਹਸਪਤਾਲ ਦੀਆਂ ਦਵਾਈਆਂ ਦੀ ਰਹਿੰਦ-ਖੂੰਹਦ ਅਤੇ ਕੂੜਾ-ਕਰਕਟ ਸੁੱਟਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਸੂਰਵਾਰ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਟਿੱਲਾ ਬਾਬਾ ਫਰੀਦ ਅਤੇ ਕਿਲਾ ਮੁਬਾਰਕ ਕੰਧ ਕੋਲ ਦੇਰ ਸ਼ਾਮ ਡਾਕਟਰ ਪੂਰਨ ਸਿੰਘ ਹਸਪਤਾਲ ਦੀ ਇੱਕ ਡਾਕਟਰ ਵੱਲੋਂ ਕੂੜੇ ਦੇ ਭਰੇ 4-5 ਲਿਫਾਫ਼ੇ ਸੁੱਟੇ ਗਏ ਸਨ ਜਿਨ੍ਹਾਂ ਵਿੱਚ ਸਰਿੰਜਾਂ, ਦਵਾਈਆਂ, ਖੂਨ ਦੀਆਂ ਲਿੱਬੜੀਆਂ ਪੱਟੀਆਂ, ਦਸਤਾਨੇ ਅਤੇ ਇਲਾਜ ਲਈ ਵਰਤਿਆ ਜਾਂਦਾ ਹੋਰ ਸਾਜ਼ੋ-ਸਾਮਾਨ ਮੌਜੂਦ ਸੀ। ਲੋਕਾਂ ਵੱਲੋਂ ਇਤਰਾਜ਼ ਕਰਨ ਦੇ ਬਾਵਜੂਦ ਹਸਪਤਾਲ ਦੀ ਡਾਕਟਰ ਨੇ ਇਹ ਕੂੜਾ ਸ਼ਰੇਆਮ ਸੁੱਟ ਦਿੱਤਾ। ਬਾਅਦ ਵਿੱਚ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ।
ਐੱਸ.ਡੀ.ਐੱਮ. ਗੁਰਜੀਤ ਸਿੰਘ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਗਰ ਕੌਂਸਲ ਨੇ ਅੱਜ ਦਿਨ ਚੜ੍ਹਦਿਆਂ ਹੀ ਹਸਪਤਾਲ ਵੱਲੋਂ ਸੁੱਟਿਆ ਹੋਇਆ ਕੂੜਾ ਆਪਣੇ ਕਬਜ਼ੇ ਵਿੱਚ ਲੈ ਲਿਆ। ਕਾਰਜਸਾਧਕ ਅਫ਼ਸਰ ਨੇ ਕਿਹਾ ਕਿ ਕਸੂਰਵਾਰ ਹਸਪਤਾਲ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਜ਼ਿਲ੍ਹਾ ਪੁਲੀਸ ਨੂੰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਿਵਲ ਸਰਜਨ ਨੂੰ ਕਾਰਵਾਈ ਕਰਨ ਲਈ ਲਿਖਿਆ ਹੈ।
ਫਰੀਦਕੋਟ ਦੇ ਵਸਨੀਕ ਐਡਵੋਕੇਟ ਮੰਗਤ ਅਰੋੜਾ ਨੇ ਉਕਤ ਹਸਪਤਾਲ ਅਤੇ ਕੂੜਾ ਸੁੱਟਣ ਵਾਲੇ ਡਾਕਟਰਾਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੂੜਾ ਸੁੱਟਣ ਦੀ ਸਮੁੱਚੀ ਕਾਰਵਾਈ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਲਾਂਕਿ ਹਸਪਤਾਲ ਦੇ ਅਧਿਕਾਰੀਆਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਿਰਾਅਧਾਰ ਦੱਸਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਹਸਪਤਾਲ ਦੇ ਕੂੜੇ ਅਤੇ ਰਹਿੰਦ ਖੂੰਹਦ ਨੂੰ ਕਿਸੇ ਵੀ ਕੂੜਾ ਡੰਪ ਜਾਂ ਖੁੱਲੇਆਮ ਨਹੀਂ ਸੁੱਟਿਆ ਜਾ ਸਕਦਾ ਬਲਕਿ ਇਸ ਨੂੰ ਵਿਗਿਆਨਕ ਤਰੀਕੇ ਨਾਲ ਖਤਮ ਕਰਨ ਲਈ ਬਣੀ ਸੂਬਾ ਪੱਧਰੀ ਏਜੰਸੀ ਹਵਾਲੇ ਕਰਨਾ ਹੁੰਦਾ ਹੈ।

Previous articleਇਮਰਾਨ ਨੇ ਹਿੰਦੂ ਭਾਈਚਾਰੇ ਨੂੰ ਹੋਲੀ ਦੀ ਵਧਾਈ ਦਿੱਤੀ
Next articleਖੰਨਾ ’ਚ 62 ਲੱਖ ਰੁਪਏ ਤੇ ਹੈਰੋਇਨ ਸਮੇਤ 7 ਕਾਬੂ