ਸਾਦੇ ਸਮਾਗਮ ’ਚ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਚੁਕਾਈ ਅਹੁਦੇ ਦੀ ਸਹੁੰ
ਕ੍ਰਿਕਟ ਤੋਂ ਸਿਆਸਤ ਦਾ 22 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ ਅੱਜ ਅਜਿਹੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲਿਆ ਹੈ ਜਦੋਂ ਮੁਲਕ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਗੁਆਂਢੀਆਂ ਨਾਲ ਤਣਾਅਪੂਰਨ ਰਿਸ਼ਤਿਆਂ ਅਤੇ ਅਤਿਵਾਦ ਖਿਲਾਫ਼ ਲੜਾਈ ’ਚ ਨਾਕਾਮ ਰਹਿਣ ਕਾਰਨ ਉਸ ’ਤੇ ਕੌਮਾਂਤਰੀ ਪਾਬੰਦੀਆਂ ਦੀ ਤਲਵਾਰ ਲਟਕ ਰਹੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਭਵਨ ‘ਐਵਾਨ-ਏ-ਸਦਰ’ ’ਚ ਹੋਏ ਸਾਦੇ ਸਮਾਗਮ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਇਮਰਾਨ ਖ਼ਾਨ (65) ਨੂੰ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅਹੁਦੇ ਦੀ ਸਹੁੰ ਚੁਕਾਈ। ਹਲਫ਼ਦਾਰੀ ਸਮਾਗਮ ਸਵੇਰੇ ਸਾਢੇ 9 ਵਜੇ ਸ਼ੁਰੂ ਹੋਣਾ ਸੀ ਪਰ ਇਹ 40 ਮਿੰਟਾਂ ਦੀ ਦੇਰੀ ਨਾਲ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ ਅਤੇ ਫਿਰ ਕੁਰਾਨ ਦੀਆਂ ਆਇਤਾਂ ਪੜ੍ਹੀਆਂ ਗਈਆਂ। ਰਵਾਇਤੀ ਸਲੇਟੀ-ਕਾਲੇ ਰੰਗ ਦੀ ਸ਼ੇਰਵਾਨੀ ’ਚ ਫੱਬ ਰਹੇ ਇਮਰਾਨ ਖ਼ਾਨ ਦੀਆਂ ਅੱਖਾਂ ’ਚ ਹੰਝੂ ਨਜ਼ਰ ਆ ਰਹੇ ਸਨ। ਉਹ ਥੋੜ੍ਹੇ ਬੇਚੈਨ ਵੀ ਨਜ਼ਰ ਆਏ ਕਿਉਂਕਿ ਹਲਫ਼ ਲੈਣ ਸਮੇਂ ਉਹ ਉਰਦੂ ਦੇ ਸ਼ਬਦ ਬੋਲਣ ’ਚ ਥਿੜਕ ਰਹੇ ਸਨ। 1992 ’ਚ ਕ੍ਰਿਕਟ ਵਿਸ਼ਵ ਕੱਪ ’ਚ ਪਾਕਿਸਤਾਨ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਇਮਰਾਨ ਖ਼ਾਨ ਨੇ ਆਪਣੇ ਹਲਫ਼ਦਾਰੀ ਸਮਾਗਮ ’ਚ ਪੁਰਾਣੇ ਸਾਥੀ ਕ੍ਰਿਕਟਰਾਂ ਨੂੰ ਵੀ ਸੱਦਾ ਭੇਜਿਆ ਸੀ। ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਕ੍ਰਿਕਟਰ ਤੋਂ ਕਮੈਂਟੇਟਰ ਬਣੇ ਰਮੀਜ਼ ਰਾਜਾ, ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਵੀ ਹਲਫ਼ਦਾਰੀ ਸਮਾਗਮ ਦੇ ਗਵਾਹ ਬਣੇ। ਸਮਾਗਮ ’ਚ ਇਮਰਾਨ ਖ਼ਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਵੀ ਹਾਜ਼ਰ ਸਨ। ਹਲਫ਼ ਲੈਣ ਮਗਰੋਂ ਦੋਵੇਂ ਮੀਆਂ-ਬੀਵੀ ਮਹਿਮਾਨਾਂ ਨੂੰ ਵੀ ਮਿਲੇ। ਇਮਰਾਨ ਖ਼ਾਨ ਦੇ ਹਲਫ਼ ਲੈਣ ਨਾਲ ਹੀ ਮੁਲਕ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦਰਮਿਆਨ ਚੱਲ ਰਹੀ ਹਕੂਮਤ ਦੀ ਅਦਲਾ-ਬਦਲੀ ਦਾ ਸਿਲਸਿਲਾ ਖ਼ਤਮ ਹੋ ਗਿਆ। ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਆਪਣਾ ਨਾਇਕ ਦੱਸਦਿਆਂ ਇਮਰਾਨ ਖ਼ਾਨ ਨੇ ਵਾਅਦਾ ਕੀਤਾ ਕਿ ਉਹ ਭ੍ਰਿਸ਼ਟਾਚਾਰ ਨਾਲ ਜੂਝ ਰਹੇ ਪਾਕਿਸਤਾਨ ਨੂੰ ਕਲਿਆਣਕਾਰੀ ਇਸਲਾਮੀ ਮੁਲਕ ’ਚ ਬਦਲ ਦੇਣਗੇ। ਔਕਸਫੋਰਡ ਤੋਂ ਪੜ੍ਹਾਈ ਕਰਨ ਵਾਲੇ ਖ਼ਾਨ ਨੇ ਕੱਲ ਪੀਐਮਐਲ-ਐਨ ਦੇ ਮੁਖੀ ਸ਼ਹਿਬਾਜ਼ ਸ਼ਰੀਫ਼ ਨੂੰ ਨੈਸ਼ਨਲ ਅਸੈਂਬਲੀ ’ਚ ਹੋਈ ਚੋਣ ’ਚ ਹਰਾ ਕੇ ਪ੍ਰਧਾਨ ਮੰਤਰੀ ਅਹੁਦੇ ਲਈ ਜਿੱਤ ਹਾਸਲ ਕੀਤੀ ਸੀ।