ਇੱਥੋਂ ਦੇ ਨਜ਼ਦੀਕੀ ਪਿੰਡ ਚਿੱਲਾ ਦਾ ਵਸਨੀਕ ਬਹਾਦਰ ਸਿੰਘ ਸਾਬਕਾ ਸਰਪੰਚ ਅੱਜ ਇਨਸਾਫ਼ ਪ੍ਰਾਪਤੀ ਲਈ ਕਰੀਬ 35 ਮੀਟਰ ਉੱਚੇ ਟਾਵਰ ’ਤੇ ਚੜ੍ਹ ਗਿਆ। ਇਸ ਕਾਰਨ ਪੁਲੀਸ ਨੂੰ ਭਾਜੜਾਂ ਪੈ ਗਈਆਂ। ਖੇਤਾਂ ਵਿੱਚ ਹਾਈਟੈਸ਼ਨ ਬਿਜਲੀ ਲਾਈਨ ਲਈ ਲਗਾਏ ਗਏ ਇਸ ਟਾਵਰ ’ਤੇ ਹਾਲੇ ਤੱਕ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ ਹੈ। ਪੀੜਤ ਵਿਅਕਤੀ ਨੇ ਸੋਹਾਣਾ ਪੁਲੀਸ ’ਤੇ ਉਸ ਦੀ ਸ਼ਿਕਾਇਤ ’ਤੇ ਹਮਲਾਵਰਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦਿਆਂ ਇੱਕ ਕੈਬਨਿਟ ਮੰਤਰੀ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਪੀੜਤ ਅਕਾਲੀ ਦਲ ਨਾਲ ਸਬੰਧਤ ਦੱਸਿਆ ਗਿਆ ਹੈ ਜੋ ਸ਼ਰਾਬ ਦੇ ਨਸ਼ੇ ਵਿੱਚ ਟਾਵਰ ’ਤੇ ਚੜਿ੍ਹਆ ਸੀ। ਉਧਰ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਅਮਲ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਜਾਵੇ। ਸਾਬਕਾ ਸਰਪੰਚ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਪਿੰਡ ਚਿੱਲਾ ਵਾਸੀ ਅਮਰੀਕ ਸਿੰਘ ਅਤੇ ਹੋਰਨਾਂ ਦੇ ਖ਼ਿਲਾਫ਼ ਉਸ ਨਾਲ ਲੜਾਈ ਝਗੜਾ ਕਰਨ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲੀਸ ਨੇ ਹੁਣ ਤੱਕ ਸ਼ਿਕਾਇਤ ’ਤੇ ਕਾਰਵਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਇਸ ਕਾਰਨ ਪੀੜਤ ਵਿਅਕਤੀ ਪੁਲੀਸ ਦੀ ਲੇਟ ਲਤੀਫ਼ੀ ਕਾਰਨ ਅੱਜ ਇਨਸਾਫ਼ ਲੈਣ ਲਈ ਟਾਵਰ ’ਤੇ ਚੜ੍ਹ ਗਿਆ। ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਤੇ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਕਰੀਬ ਢਾਈ ਘੰਟੇ ਦੀ ਜੱਦੋ-ਜਾਹਿਦ ਤੋਂ ਬਾਅਦ ਬਹਾਦਰ ਸਿੰਘ ਨੂੰ ਉਸ ਦੀ ਸ਼ਿਕਾਇਤ ’ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਥੱਲੇ ਉਤਾਰਿਆ ਅਤੇ ਬਾਅਦ ਵਿੱਚ ਸਾਬਕਾ ਸਰਪੰਚ ਨੂੰ ਪੁਲੀਸ ਆਪਣੇ ਨਾਲ ਥਾਣੇ ਲੈ ਗਈ ਅਤੇ ਖ਼ਬਰ ਲਿਖੇ ਜਾਣ ਤੱਕ ਟਾਵਰ ’ਤੇ ਚੜ੍ਹਿਆ ਵਿਅਕਤੀ ਪੁਲੀਸ ਦੀ ਹਿਰਾਸਤ ਵਿੱਚ ਸੀ। ਉਧਰ, ਪੁਲੀਸ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਬਹਾਦਰ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਸੀ ਜਿਸ ਕਾਰਨ ਉਹ ਟਾਵਰ ’ਤੇ ਚੜ੍ਹ ਗਿਆ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
INDIA ਇਨਸਾਫ ਲੈਣ ਲਈ ਟਾਵਰ ’ਤੇ ਚੜ੍ਹਿਆ ਸਾਬਕਾ ਸਰਪੰਚ