ਇਟਲੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬ ਦੀਆਂ ਹੋਣਹਾਰ ਧੀਆਂ ਜਿਵੇਂ ਇਟਲੀ ਵਿਚ ਅੱਜਕੱਲ੍ਹ ਸਫਲਤਾ ਦੇ ਝੰਡੇ ਰਹੀਆਂ ਹਨ ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਕਨੇਡਾ ਤੇ ਇੰਗਲੈਂਡ ਵਾਂਗ ਇਥੇ ਵੀ ਪੰਜਾਬੀਆਂ ਚੜਤ ਸਿਰ ਚੜ੍ਹ ਕੇ ਬੋਲੇਗੀ। ਇਟਲੀ ਦੇ ਉੱਘੇ ਕਾਰੋਬਾਰੀ ਜਗਦੀਪ ਰਾਣਾ ਅਤੇ ਪਾਮੀਲਾ ਦੇਵੀ ਦੇ ਘਰ ਉਸ ਵਕਤ ਖੁਸ਼ੀਆ ਦਾ ਅੰਬਾਰ ਲੱਗ ਗਿਆ ਜਦੋਂ ਉਨ੍ਹਾਂ ਦੀ ਹੋਣਹਾਰ ਵਕੀਲ ਪੁੱਤਰੀ ਮੇਘਨਾ ਚੌਧਰੀ ਨੂੰ ਅੰਤਰਰਾਸ਼ਟਰੀ ਹਵਾਬਾਜ਼ੀ ਕਨੂੰਨ ਦੇ ਮੁਕੱਦਮਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਲਾਹਕਾਰ ਨਿਯੁਕਤ ਕੀਤਾ ਗਿਆ।
ਇਹ ਨਿਯੁਕਤੀ ਵਾਟਸਨ ਫਾਰਲੀ ਐਂਡ ਵਿਲੀਅਮਜ਼ ਇੰਟਰਨੈਸ਼ਨਲ ਲਾਅ ਫਰਮ ਵਲੋਂ ਮੇਘਨਾ ਚੌਧਰੀ ਦੀ ਯੋਗਤਾ ਨੂੰ ਦੇਖਦੇ ਹੋਏ ਕੀਤੀ ਗਈ ਹੈ। ਇਟਲੀ ਦੇ ਜਿਲ੍ਹਾ ਵੇਰੋਨਾ ਦੇ ਕਸਬੇ ਨੌਗਾਰੋਲੇ ਦੀ ਰੋਕਾ ਵਿਖੇ ਰਹਿੰਦੇ ਇਸ ਪ੍ਰੀਵਾਰ ਦੇ ਮੁੱਖੀ ਜਗਦੀਪ ਰਾਣਾ (ਚੌਧਰੀ) ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਲਾਅ ਦੀ ਮੁੱਢਲੀ ਪੜ੍ਹਾਈ ਵੇਰੋਨਾ ਤੋਂ ਕੀਤੀ ਅਤੇ ਅੰਤਰਰਾਸ਼ਟਰੀਕਨੂੰਨੀ ਦਾਅ-ਪੇਚਾਂ ਦੀ ਮੁਹਾਰਤ ਇੰਗਲੈਂਡ ਅਤੇ ਫਿਨਲੈਂਡ ਜਾ ਹਾਸਲ ਕੀਤੀ। ਪੰਜਾਬ ਦੇ ਜਿਲ੍ਹਾ ਰੋਪੜ ਦੇ ਸ਼ਹਿਰ ਮੋਰਿੰਡਾ ਨਾਲ ਸਬੰਧਤ ਇਹ ਪ੍ਰੀਵਾਰ ਦੀ ਇਸ ਪ੍ਰਾਪਤੀ ਕਾਰਨ ਪ੍ਰਵਾਸੀ ਭਾਰਤੀਆਂ ਵਿੱਚ ਅਥਾਹ ਖੁਸ਼ੀ ਪਾਈ ਜਾ ਰਹੀ ਹੈ।
ਚੌਧਰੀ ਪ੍ਰੀਵਾਰ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਦੇ ਪ੍ਰਧਾਨ ਮਾਸਟਰ ਬਲਵੀਰ ਮੱਲ, ਅਜੇ ਕੁਮਾਰ ਬਿੱਟਾ, ਦਵਿੰਦਰ ਪਾਲ ਹੀਂਉ, ਪ੍ਰਵੀਨ ਪੀਨਾ, ਕੁਲਵਿੰਦਰ ਬੱਲਾ, ਰਘਬੀਰ ਭਰੋਲੀ, ਅਜੇ ਕੁਮਾਰ, ਕੁਲਦੀਪ ਭਰੋਲੀ, ਡਾਕਟਰ ਹਰਦੀਪ ਕੰਗ, ਹਰਜਿੰਦਰ ਮੋਦੀ, ਲਵਦੀਪ ਮੁਲਤਾਨੀ, ਸਰਬਜੀਤ ਸਾਬੀ, ਰਣਜੀਤ ਸੁੰਮਨ, ਸੋਢੀ ਸੁੰਮਨ, ਬਲਰਾਜ ਗਰੇਵਾਲ, ਗਿ:ਰਣਧੀਰ ਸਿੰਘ, ਭੁਪਿੰਦਰ ਭਿੰਦਾ, ਜੋਗਿੰਦਰ ਬਿੱਲੂ, ਅਤੇ ਤਰਸੇਮ ਸਿੰਘ ਆਦਿ ਸਾਥੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਆਸ ਕਰਦੇ ਹਾਂ ਕਿ ਸਾਡੀ ਨਵੀਂ ਪੀੜ੍ਹੀ ਆਪਣੀ ਮੇਹਨਤ ਅਤੇ ਹੁਨਰ ਸਦਕਾ ਤਰੱਕੀ ਦੀਆਂ ਮੰਜਿਲਾਂ ਸਰ ਕਰੇਗੀ।