ਯੇਰੂਸ਼ਲੱਮ, ਸਮਾਜ ਵੀਕਲੀ: ਇਜ਼ਰਾਈਲ ਵਿਚ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿਣ ਵਾਲੇ ਬੈਂਜਾਮਿਨ ਨੇਤਨਯਾਹੂ ਦੀ ਕੁਰਸੀ ਖੁੱਸਣ ਦੇ ਆਸਾਰ ਬਣ ਗਏ ਹਨ ਕਿਉਂਕਿ ਉਨ੍ਹਾਂ ਦੇ ਕਈ ਪੁਰਾਣੇ ਭਾਈਵਾਲਾਂ ਨੇ ਕੌਮੀ-ਏਕਤਾ ਵਾਲੀ ਸਰਕਾਰ ਬਣਾਉਣ ਲਈ ਸਿਆਸੀ ਵਿਰੋਧੀਆਂ ਨਾਲ ਹੱਥ ਮਿਲ ਲਿਆ ਹੈ। ਇਸ ਨਵੀਂ ਸਰਕਾਰ ਨੂੰ ਬਣਾਉਣ ਵਿਚ ਨਾ ਸਿਰਫ਼ ਖੱਬੀ ਧਿਰ, ਮੱਧ ਮਾਰਗੀ ਤੇ ਸੱਜੇ ਪੱਖੀਆਂ ਦੀ ਸ਼ਮੂਲੀਅਤ ਹੋਵੇਗੀ ਬਲਕਿ ਅਰਬ ਪਾਰਟੀ ਦਾ ਸਮਰਥਨ ਵੀ ਪ੍ਰਾਪਤ ਹੋ ਸਕਦਾ ਹੈ।
ਬੀਤੇ ਦਿਨ ਨੇਤਨਯਾਹੂ ਦੇ ਇਕ ਪੁਰਾਣੇ ਭਾਈਵਾਲ ਨੇ ਐਲਾਨ ਕੀਤਾ ਕਿ ਹੋਰ ਚੋਣਾਂ ਦਾ ਪਾਗਲਪਣ ਅਤੇ ਲਗਾਤਾਰ ਚੱਲਦੇ ਸਿਆਸੀ ਘਸਮਾਣ, ਜਿਸ ਨੇ ਇਜ਼ਰਾਈਲ ਨੂੰ ਪਿੱਛੇ ਧੱਕਿਆ ਹੈ, ਨੂੰ ਰੋਕਣ ਲਈ ਉਹ ਕੌਮੀ ਏਕਤਾ ਵਾਲੀ ਸਰਕਾਰ ਬਣਾਉਣਾ ਚਾਹੁੰਦਾ ਹਨ। ਪਿਛਲੇ ਸਮੇਂ ਵਿਚ ਨੇਤਨਯਾਹੂ ਦੇ ਚੀਫ਼ ਆਫ਼ ਸਟਾਫ਼ ਅਤੇ ਕਈ ਸਾਲਾਂ ਤੱਕ ਰੱਖਿਆ ਸਮੇਤ ਕਈ ਮੰਤਰਾਲਿਆਂ ਦੇ ਮੰਤਰੀ ਰਹੇ ਯਾਮਿਨਾ ਪਾਰਟੀ ਦੇ ਆਗੂ ਨਫ਼ਤਾਲੀ ਬੈਨੇਟ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਗੱਠਜੋੜ ਸਬੰਧੀ ਸਮਝੌਤਾ ਕਰਨ ਲਈ ਵਿਰੋਧੀ ਧਿਰ ਦੇ ਆਗੂ ਯੇਅਰ ਲਾਪਿਦ ਨਾਲ ਗੱਲਬਾਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਤੇ ਯੇਅਰ ਕਈ ਮੁੱਦਿਆਂ ’ਤੇ ਇਕਮੱਤ ਨਹੀਂ ਹਨ ਪਰ ਉਹ ਦੇਸ਼ ਪ੍ਰਤੀ ਪਿਆਰ ਵਿਚ ਭਾਈਵਾਲ ਹਨ ਅਤੇ ਦੇਸ਼ ਨੂੰ ਬਚਾਉਣ ਲਈ ਕੰਮ ਕਰਨ ਦੇ ਇੱਛੁਕ ਹਨ। ਜ਼ਿਕਰਯੋਗ ਹੈ ਕਿ ਨੇਤਨਯਾਹੂ ’ਤੇ ਰਿਸ਼ਵਤਖੋਰੀ, ਧੋਖਾਧੜੀ ਤੇ ਵਿਸ਼ਵਾਸਘਾਤ ਦੇ ਦੋਸ਼ ਹਨ ਜਿਸ ਸਬੰਧੀ ਯੇਰੂਸ਼ਲੱਮ ਦੀ ਜ਼ਿਲ੍ਹਾ ਅਦਾਲਤ ’ਚ ਸੁਣਵਾਈ ਚੱਲ ਰਹੀ ਹੈ। ਹਾਲਾਂਕਿ, ਨੇਤਨਯਾਹੂ ਨੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly