ਇਜ਼ਰਾਇਲੀ ਪੁਲੀਸ ਨਾਲ ਟਕਰਾਅ ’ਚ 50 ਫ਼ਲਸਤੀਨੀ ਫੱਟੜ

ਯੋਰੋਸ਼ਲਮ (ਸਮਾਜ ਵੀਕਲੀ): ਇਜ਼ਰਾਇਲੀ ਪੁਲੀਸ ਨਾਲ ਹੋਏ ਟਕਰਾਅ ’ਚ ਕਰੀਬ 50 ਫ਼ਲਸਤੀਨੀ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਤੇ ਫ਼ਲਸਤੀਨੀਆਂ ਵਿਚਾਲੇ ਝੜਪਾਂ ਯੋਰੋਸ਼ਲਮ ਦੀਆਂ ਪਵਿੱਤਰ ਥਾਵਾਂ ਨੇੜੇ ਹੋਈਆਂ। ਇਜ਼ਰਾਈਲ ਦੀ ਪੁਲੀਸ ਨੇ ਅੱਥਰੂ ਗੈਸ ਵਰਤੀ ਤੇ ਕੁਝ ਸਟੱਨ ਗ੍ਰਨੇਡ ਅਲ-ਅਕਸਾ ਮਸਜਿਦ ਦੇ ਅੰਦਰ ਵੀ ਡਿਗ ਗਏ ਜੋ ਕਿ ਇਸਲਾਮ ਦੀ ਤੀਜੀ ਸਭ ਤੋਂ ਪਵਿੱਤਰ ਥਾਂ ਹੈ। ਇਜ਼ਰਾਇਲੀ ਪੁਲੀਸ ਨੇ ਦੋਸ਼ ਲਾਇਆ ਕਿ ਫ਼ਲਸਤੀਨੀਆਂ ਨੇ ਪੱਥਰਬਾਜ਼ੀ ਕੀਤੀ, ਅਧਿਕਾਰੀਆਂ ਵੱਲ ਕੁਰਸੀਆਂ ਤੇ ਹੋਰ ਚੀਜ਼ਾਂ ਸੁੱਟੀਆਂ।

ਸੋਸ਼ਲ ਮੀਡੀਆ ਉਤੇ ਕੁਝ ਵੀਡੀਓਜ਼ ਹਨ ਜਿਨ੍ਹਾਂ ਵਿਚ ਗ੍ਰਨੇਡ ਮਸਜਿਦ ਦੇ ਅੰਦਰ ਡਿਗਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਯੋਰੋਸ਼ਲਮ ਸਥਿਤ ਪਵਿੱਤਰ ਸਥਾਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਇਜ਼ਰਾਈਲ ਤੇ ਫ਼ਲਸਤੀਨ ਵਿਚਾਲੇ ਟਕਰਾਅ ਬਣਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸੈਂਕੜੇ ਫ਼ਲਸਤੀਨੀ ਤੇ ਦੋ ਦਰਜਨ ਪੁਲੀਸ ਕਰਮੀ ਫੱਟੜ ਹੋਏ ਹਨ। ਪੁਲੀਸ ਦਾ ਕਹਿਣਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਮਸਜਿਦ ਦੇ ਅੰਦਰੋਂ ਪੱਥਰ ਸੁੱਟੇ। ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਥਾਂ ਯਹੂਦੀਆਂ ਤੇ ਇਸਲਾਮ, ਦੋਵਾਂ ਲਈ ਪਵਿੱਤਰ ਦਰਜਾ ਰੱਖਦੀ ਹੈ। ਇਸ ਤੋਂ ਪਹਿਲਾਂ ਸੋਮਵਾਰ ਪੁਲੀਸ ਨੇ ਯਹੂਦੀਆਂ ਨੂੰ ਅਲ-ਅਕਸਾ ਮਸਜਿਦ ਵਿਚ ਜਾਣ ਤੋਂ ਰੋਕ ਦਿੱਤਾ ਸੀ।

Previous articleਵੈਨਕੂਵਰ ਹਵਾਈ ਅੱਡੇ ’ਤੇ ਪੰਜਾਬੀ ਗੈਂਗਸਟਰ ਦਾ ਕਤਲ
Next articleਅਫ਼ਗਾਨਿਸਤਾਨ ’ਚ ਬੰਬ ਧਮਾਕਾ, ਗਿਆਰਾਂ ਮੌਤਾਂ