(ਸਮਾਜ ਵੀਕਲੀ)
ਮੰਦੈ ਕੌਣ, ਤੇ ਕੌਣ ਨੇ ਚੰਗੇ !
ਇਸ ਹਮਾਮ ਚ ਸਾਰੇ ਨੰਗੇ !
ਚਾਤਰ ਮਾਣ ਰਹੇ ਨੇ ਮੌਜਾਂ ,
ਭੋਲੇ ਲੋਕ ਨੇ ਸੂਲੀ ਟੰਗੇ !
ਜੇ ਤੂੰ ਤਕੜੈਂ, ਤਕੜੇ ਨਾ’ ਲੜ,
ਮਾੜੇ ਨਾਲ ਕਿਉਂ ਲੈਨੈਂ ਪੰਗੇ !
ਤਕੜੇ ਆਪਣੇ ਘਰ ਹੋਵਣਗੇ,
ਆਪਣੇ ਘਰ ਅਸੀਂ ਮਾੜੇ, ਚੰਗੇ!
ਕੌਣ ਢਕੇਗਾ , ਤਨ ਏਹਨਾਂ ਦਾ,
ਫਿਰਦੇ ਨੇ ਜੋ ਨੰਗ – ਮੁਨੰਗੇ!
ਉਸਤੋਂ ਆਸ , ਭਲੇ ਦੀ ਕੀ ਹੈ ?
ਜੋ ਭੜਕਾਉਦੈ ,ਨਗਰ ਚ ਦੰਗੇ ?
ਉਹ ਹੱਥ , ਕਿਸੇ ਨੂੰ ਕੀ ਦੇਣਗੇ ,
ਜੈ ਹੱਥ ਪਹਿਲਾਂ ਹੀ ਭਿੱਖ-ਮੰਗੇ!
ਮੈਂ ਕੀ , ਓਸ ਖੁਦਾ ਤੋਂ ਮੰਗਾਂ
ਜੋ ਮੈਨੂੰ ਦੇਂਦਾ ਬਿਨ ਮੰਗੇ !
ਕਿੰਨਾਂ….. ਭੋਲਾ ਬੰਦੈ, ਸੱਧਰ,
ਗੰਜਿਆਂ ਦੇ ਵਿਚ ਵੇਚੇ ਕੰਘੇ !
ਜਗੀਰ ਸੱਧਰ
98770 15302।