ਸੰਯੁਕਤ ਰਾਸ਼ਟਰ ਦੇ ਡਿਪਟੀ ਸਕੱਤਰ ਜਨਰਲ ਅਮੀਨਾ ਮੁਹੰਮਦ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਇਸ ਸਮੇਂ ਖਾਨਾਜੰਗੀ ਦਾ ਮਾਹੌਲ ਹੈ ਤੇ ਇਕ ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਅਫ਼ਗਾਨਿਸਤਾਨ ਦੇ ਵਿਕਾਸ ‘ਚ ਔਰਤਾਂ ਦੀ ਸ਼ਮੂਲੀਅਤ ਵਧਾਉਣ ਦੀ ਲੋੜ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 2030 ਤਕ ਅਫ਼ਗਾਨਿਸਤਾਨ ਦੇ ਪੂਰਣ ਵਿਕਾਸ ਲਈ ਸੰਯੁਕਤ ਰਾਸ਼ਟਰ ਪੂਰੀ ਮਦਦ ਕਰਨ ਲਈ ਤਿਆਰ ਹੈ। ਨਿਊਯਾਰਕ ਵਿਖੇ ‘ਗਰੁੱਪ ਆਫ ਫਰੈਂਡਸ ਇਨ ਅਫ਼ਗਾਨਿਸਤਾਨ’ ਦੀ ਲਾਂਚਿੰਗ ਮੌਕੇ ਅਮੀਨਾ ਨੇ ਉਕਤ ਗੱਲ ਕਹੀ।
ਅਮੀਨਾ ਨੇ ਕਿਹਾ ਕਿ ਇਹ ਗਰੁੱਪ ਅਫ਼ਗਾਨਿਸਤਾਨ ‘ਚ ਔਰਤਾਂ ਦੇ ਵਿਕਾਸ ਲਈ ਯਤਨ ਆਰੰਭੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਅਫ਼ਗਾਨਿਸਤਾਨ ਵਿਚ ਮਰਦ ਪ੍ਰਧਾਨ ਸਮਾਜ ਕਰ ਕੇ ਔਰਤਾਂ ਦੀ ਦਸ਼ਾ ਬਹੁਤ ਮਾੜੀ ਹੈ ਤੇ ਇਨ੍ਹਾਂ ਦੇ ਵਿਕਾਸ ਲਈ ਭਰਪੂਰ ਮਦਦ ਕੀਤੇ ਜਾਣ ਦੀ ਲੋੜ ਹੈ।