ਇਕ ਅਧਿਆਪਕਾ ਦੀ ਇਕੋ ਵੇਲੇ 25 ਸਕੂਲਾਂ ਵਿੱਚ ਹਾਜ਼ਰੀ ਤੇ 13 ਮਹੀਨਿਆਂ ਵਿੱਚ ਕਰੋੜ ਤਨਖਾਹ

ਲਖਨਊ, 7 ਜੂਨ (ਸਮਾਜਵੀਕਲੀ): ਉੱਤਰ ਪ੍ਰਦੇਸ਼ ਦੇ 25 ਸਕੂਲਾਂ ਵਿਚ ਇਕੋ ਵੇਲੇ ਕੰਮ ਕਰਕੇ ਸਿਰਫ 13 ਮਹੀਨਿਆਂ ਵਿਚ 1 ਕਰੋੜ ਰੁਪਏ ਦੀ ਤਨਖਾਹ ਲੈਣ ਦੇ ਸਨਸਨੀਖੇਜ਼ ਕੇਸ ਵਿਚ ਇਕ ਅਧਿਆਪਕਾ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਰਾਜ ਸਰਕਾਰ ਨੂੰ ਲੱਗਦਾ ਹੈ ਕਿ ਹਾਲੇ ਅਸਲ ਦੋਸ਼ੀ ਕਾਬੂ ਵਿੱਚ ਨਹੀਂ ਆਇਆ।

ਰਾਜ ਦੇ ਮੁੱਢਲੀ ਸਿੱਖਿਆ ਮੰਤਰੀ ਸਤੀਸ਼ ਦਿਵੇਦੀ ਨੇ ਐਤਵਾਰ ਨੂੰ ਦੱਸਿਆ ਕਿ ਉਹ ਨਹੀਂ ਜਾਣਦੇ ਕਿ ਇਸ ਮਾਮਲੇ ਵਿੱਚ ਫੜੀ ਗਈ ਅਧਿਆਪਕਾ ਅਸਲ ਦੋਸ਼ੀ ਸੀ ਜਾਂ ਨਹੀਂ। ਸ੍ਰੀ ਦਿਵੇਦੀ ਨੇ ਕਿਹਾ, “ਹਾਂ ਬਿਲਕੁਲ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਕਾਬੂ ਕੀਤੀ ਅਧਿਆਪਕਾ ਹੀ ਅਸਲ ਮੁਲਜ਼ਮ ਹੈ।”

ਉਨ੍ਹਾਂ ਕਿਹਾ ਕਿ ਜੇ ਲੋੜ ਪਈ ਅਤੇ ਵਿਭਾਗੀ ਸ਼ਮੂਲੀਅਤ ਵੇਖੀ ਗਈ ਤਾਂ ਉਹ ਆਰਥਿਕ ਅਪਰਾਧ ਵਿੰਗ ਵਰਗੀਆਂ ਬਾਹਰੀ ਏਜੰਸੀਆਂ ਰਾਹੀਂ ਵੀ ਪੂਰੀ ਪੜਤਾਲ ਕੀਤੀ ਜਾਵੇਗੀ। ਮੰਤਰੀ ਨੇ ਕਿਹਾ, “ਮੈਨੂੰ ਦੱਸੋ, ਹੁਣ ਇਕ ਲੜਕੀ ਫੜੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਅਸਲ ਵਿਚ, ਜੋ ਕਾਗਜ਼ ਦੇਖਿਆ ਗਿਆ ਹੈ ਉਹ ਅਨਾਮਿਕਾ ਸ਼ੁਕਲਾ ਦਾ ਹੈ। ਇਕੋ ਦਸਤਾਵੇਜ਼ ਕਈ ਥਾਂ ਵਰਤਿਆ ਗਿਆ ਹੈ। ਅਸਲ ਵਿਚ ਅਨਾਮਿਕਾ ਸ਼ੁਕਲਾ ਕੌਣ ਹੈ, ਉਹ ਅਜੇ ਕਾਬੂ ਨਹੀਂ ਆ ਰਹੀ।”

ਮੰਤਰੀ ਨੇ ਕਿਹਾ,“ ਹੋ ਸਕਦਾ ਹੈ ਕਿ ਉਹ ਆਪਣੇ ਪਰਿਵਾਰ ਵਿਚ ਹੋਵੇ ਤੇ ਹੋਰ ਕੰਮ ਕਰ ਰਹੀ ਹੋਵੇ ਪਰ ਉਸ ਦਾ ਦਸਤਾਵੇਜ਼ ਇਸਤੇਮਾਲ ਕੀਤਾ ਗਿਆ ਹੋਵੇ। ਜਦੋਂ ਤੱਕ ਅਸਲ ਅਨਾਮਿਕਾ ਸ਼ੁਕਲਾ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਪਤਾ ਨਹੀਂ ਲੱਗੇਗਾ ਕਿ ਇਹ ਸਾਰੇ ਕੌਣ ਹਨ। ਹੁਣ ਇਹ ਪੁਲੀਸ ਜਾਂਚ ਦਾ ਵਿਸ਼ਾ ਹੈ।” ਉਨ੍ਹਾਂ ਕਿਹਾ, “ਕਾਸਗੰਜ ਵਿੱਚ ਫੜੀ ਗਈ ਹੈ ਉਹ ਹੁਣ ਆਪਣਾ ਨਾਮ ਅਨਾਮਿਕਾ ਸਿੰਘ ਦੱਸ ਰਹੀ ਹੈ। ਸਾਨੂੰ ਇੱਕ ਪੱਤਰਕਾਰ ਦੁਆਰਾ ਦੱਸਿਆ ਗਿਆ ਸੀ ਕਿ ਬਾਗਪਤ ਦੇ ਬੜੋਟ ਜਿਥੇ ਅਨਾਮਿਕਾ ਸ਼ੁਕਲਾ ਦੀ ਅਸਲ ਪੋਸਟਿੰਗ ਮੰਨੀ ਜਾ ਰਹੀ ਸੀ, ਉਥੇ ਕਿਸੇ ਪ੍ਰਿਆ ਜਾਟਵ ਦਾ ਨਾਮ ਆ ਰਿਹਾ ਹੈ।

ਅਜਿਹਾ ਲਗਦਾ ਹੈ ਕਿ ਜਿਹੜੀ ਕੁੜੀ ਹੁਸ਼ਿਆਰ ਹੋਵੇਗੀ ਉਸ ਦੇ ਦਸਤਾਵੇਜ਼ ਥਾਂ-ਥਾਂ ਵਰਤੇ ਗਏ ਹਨ।” ਕੀ ਇਕ ਔਰਤ ਦੇ ਨਾਮ ’ਤੇ ਕਈ ਲੋਕ ਨੌਕਰੀਆਂ ਕਰ ਰਹੇ ਸਨ ਤਾਂ ਸ੍ਰੀ ਦਿਵੇਦੀ ਨੇ ਕਿਹਾ, “ਹਾਂ ਅਜਿਹਾ ਲੱਗਦਾ ਹੈ। ਪ੍ਰਿਆ ਜਾਟਵ ਅਨਾਮਿਕਾ ਸ਼ੁਕਲਾ ਬਣ ਗਈ ਅਤੇ ਕਿਤੇ ਅਨਾਮਿਕਾ ਸਿੰਘ, ਅਨਾਮਿਕਾ ਸ਼ੁਕਲਾ ਬਣ ਗਈ।” ਉੱਤਰ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 25 ਕਸਤੂਰਬਾ ਗਾਂਧੀ ਸਕੂਲਾਂ ਇਕ ਅਧਿਆਪਕਾ ਵੱਲੋਂ ਨੌਕਰੀ ਕਰਨ ਤੇ 13 ਮਹੀਨਿਆਂ ਦੇ ਅੰਦਰ ਤਕਰੀਬਨ ਇਕ ਕਰੋੜ ਰੁਪਏ ਤਨਖਾਹ ਲੈਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਨਿਚਰਵਾਰ ਨੂੰ ਅਨਾਮਿਕਾ ਸਿੰਘ ਨਾਮੀ ਅਧਿਆਪਕਾ ਨੂੰ ਕਾਸਗੰਜ ਜ਼ਿਲ੍ਹੇ ਵਿਚ ਗ੍ਰਿਫਤਾਰ ਕੀਤਾ ਗਿਆ।

ਅਨਾਮਿਕਾ ਦੀ ਗ੍ਰਿਫਤਾਰੀ ਤੋਂ ਡਰ ਤੋਂ ਬੀਐੱਸਏ ਦਫਤਰ ਅਸਤੀਫਾ ਦੇਣ ਆਈ ਸੀ। ਉਸੇ ਸਮੇਂ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮ ਅਨਾਮਿਕਾ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਫਰੂਖਾਬਾਦ ਜ਼ਿਲ੍ਹੇ ਦੇ ਕਾਯਮਗੰਜ ਦੀ ਵਸਨੀਕ ਹੈ ਅਤੇ ਇੱਕ ਲੱਖ ਦੀ ਰਿਸ਼ਵਤ ਦੇ ਕੇ ਉਸ ਨੇ ਨੌਕਰੀ ਲਈ ਸੀ।

Previous articleਸ਼ੋਪੀਆਂ: ਮੁਕਾਬਲੇ ’ਚ ਪੰਜ ਅਤਿਵਾਦੀ ਮਾਰੇ; ਇੰਟਰਨੈੱਟ ਬੰਦ
Next articleਜ਼ਰਾ ਸੋਚੋ