ਟੱਲੇਵਾਲ (ਸਮਾਜਵੀਕਲੀ) – ਕਰੋਨਾ ਕਰਫ਼ਿਊ ਦੌਰਾਨ ਬਾਹਰਲੇ ਸੂਬਿਆਂ ਤੋਂ ਪਰਤੇ ਵਿਅਕਤੀਆਂ ਲਈ ਬਣਾਏ ਇਕਾਂਤਵਾਸ ਕੇਂਦਰ ਮਹਿਜ਼ ਰਸਮ ਅਦਾਇਗੀ ਰਹਿ ਗਏ ਹਨ। ਖ਼ਾਸ ਤੌਰ ’ਤੇ ਪਿੰਡਾਂ ਵਿੱਚ ਬਣਾਏ ਇਕਾਂਤਵਾਸ ਕੇਂਦਰਾਂ ਦਾ ਤਾਂ ਰੱਬ ਹੀ ਰਾਖਾ ਹੈ। ਇਕਾਂਤਵਾਸ ਕੀਤੇ ਲੋਕਾਂ ਨੂੰ ਮਿਲਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਹੈ।
ਕਈ ਸੈਂਟਰਾਂ ’ਚ ਹਫ਼ਤੇ ਤੋਂ ਵੱਧ ਸਮੇਂ ਤੋਂ ਰੱਖੇ ਵਿਅਕਤੀਆਂ ਦੇ ਹਾਲੇ ਤਕ ਟੈਸਟ ਵੀ ਨਹੀਂ ਕੀਤੇ ਗਏ ਹਨ। ਬਿਨਾਂ ਕਿਸੇ ਵਿਉਂਬੰਦੀ ਤੋਂ ਇਕਾਂਤਵਾਸ ਕੀਤੇ ਗਏ ਜ਼ਿਆਦਾਤਰ ਲੋਕ ਸਰਕਾਰ ਨੂੰ ਆਪਣੀ ਨਾਰਾਜ਼ਗੀ ਪ੍ਰਗਟ ਕਰ ਚੁੱਕੇ ਹਨ। ਜਿਸ ਢੰਗ ਨਾਲ ਇਨ੍ਹਾਂ ਕੇਂਦਰਾਂ ਵਿੱਚ ਇਕਾਂਤਵਾਸ ਲਈ ਲੋਕਾਂ ਨੂੰ ਰੱਖਿਆ ਗਿਆ ਹੈ, ਇਸ ਨਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਾਫ਼ ਝਲਕਦੀ ਹੈ।
ਇਨ੍ਹਾਂ ਕੇਂਦਰਾਂ ਵਿੱਚ ਦੂਜੇ ਸੂਬਿਆਂ ਅਤੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਇਕੱਠੇ ਰੱਖ ਕੇ ਮੁਸੀਬਤ ਨੂੰ ਹੋਰ ਬੁਲਾਵਾ ਦਿੱਤਾ ਜਾ ਰਿਹਾ ਹੈ। ਉਪਰੋਂ ਇਨ੍ਹਾਂ ਕੇਂਦਰਾਂ ਵਿੱਚ ਪੁਲੀਸ ਦੀ ਵੀ ਕੋਈ ਤਾਇਨਾਤੀ ਨਹੀਂ ਹੈ।
ਦੂਜੇ ਪਾਸੇ ਇੱਕਾ ਦੁੱਕਾ ਸ਼ਹਿਰੀ ਇਕਾਂਤਵਾਸ ਕੇਂਦਰਾਂ ਵਿੱਚ ਮੁੱਢਲੀਆਂ ਸਹੂਲਤਾਂ ਦੇ ਕੇ ਪ੍ਰਸ਼ਾਸਨ ਆਪਣੀ ਪਿੱਠ ਥਪਥਪਾ ਰਿਹਾ ਹੈ। ਇਕੱਲੇ ਜ਼ਿਲ੍ਹਾ ਬਰਨਾਲਾ ਅੰਦਰ 182 ਇਕਾਂਤਵਾਸ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਵਿੱਚ ਸੈਂਕੜੇ ਲੋਕਾਂ ਨੂੰ ਰੱਖਿਆ ਗਿਆ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ-ਕਾਲਜਾਂ ਵਿੱਚ ਬਣੇ ਬਹੁਤੇ ਕੇਂਦਰ ਪੇਂਡੂ ਖੇਤਰਾਂ ਵਿੱਚ ਹਨ।
ਬਾਹਰੋਂ ਆਏ ਲੋਕਾਂ ਨੂੰ ਉਨ੍ਹਾਂ ਦੇ ਪਿੰਡ ਦੇ ਇਕਾਂਤਵਾਸ ਕੇਂਦਰਾਂ ਵਿੱਚ ਰੱਖਿਆ ਜਾਂਦਾ ਹੈ। ਸ਼ੱਕੀ ਵਿਅਕਤੀਆਂ ਦੇ ਟੈਸਟ ਲਏ ਜਾ ਰਹੇ ਹਨ। ਇਕਾਂਤਵਾਸ ਦਾ ਸਮਾਂ ਪੂਰਾ ਹੋਣ ’ਤੇ ਘਰ ਭੇਜਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਵਿੱਤੀ ਮੱਦਦ ਨਾ ਮਿਲਣ ਕਰਕੇ ਇਕਾਂਤਵਾਸ ਝੱਲ ਰਹੇ ਵਿਅਕਤੀਆਂ ਦੇ ਘਰਾਂ ਤੋਂ ਹੀ ਉਨ੍ਹਾਂ ਦੀ ਜ਼ਰੂਰਤ ਦਾ ਸਾਰਾ ਸਾਮਾਨ ਆ ਰਿਹਾ ਹੈ।
ਸਕੂਲ ਮੁਖੀਆਂ ਨੂੰ 24 ਘੰਟੇ ਇਨ੍ਹਾਂ ਸੈਂਟਰਾਂ ਦੀ ਨਿਗਰਾਨੀ ਲਈ ਆਪਣੇ ਸਟਾਫ਼ ਦੀ ਵਾਰੀ-ਵਾਰੀ ਡਿਊਟੀ ਲਾਉਣ ਲਈ ਕਿਹਾ ਗਿਆ ਹੈ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਅਧਿਆਪਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੋਈ ਸੁਰੱਖਿਆ ਕਿੱਟਾਂ ਵੀ ਨਹੀਂ ਦਿੱਤੀਆਂ ਗਈਆਂ। ਕਿਸੇ ਤਰ੍ਹਾਂ ਦੀ ਪੁਲੀਸ ਦੀ ਨਿਗਰਾਨੀ ਨਾ ਹੋਣ ਕਰਕੇ ਇਕਾਂਤਵਾਸ ਵਿੱਚ ਰੱਖੇ ਵਿਅਕਤੀ ਰਾਤ ਦੇ ਸਮੇਂ ਆਪਣੇ ਘਰ ਜਾਣ ਦੀ ਜ਼ਿੱਦ ਕਰਦੇ ਹਨ।
ਪਿੰਡ ਨਾਈਵਾਲਾ ਵਿੱਚ ਇਕਾਂਤਵਾਸ ਕੇਂਦਰ ’ਚੋਂ ਭੱਜੇ ਇੱਕ ਵਿਅਕਤੀ ’ਤੇ ਕੇਸ ਵੀ ਦਰਜ ਕੀਤਾ ਗਿਆ ਹੈ। ਸਕੂਲਾਂ ਦੇ ਸਫਾਈ ਕਰਮਚਾਰੀ ਵੀ ਇਨ੍ਹਾਂ ਸੈਂਟਰਾਂ ਤਕ ਜਾਣ ਤੋਂ ਕਤਰਾਉਂਦੇ ਹਨ। ਵੱਖ ਵੱਖ ਥਾਵਾਂ ਤੋਂ ਆਏ ਸ਼ੱਕੀ ਮਰੀਜ਼ਾਂ ਨੂੰ ਇੱਕੋ ਥਾਂ ਠਹਿਰਾਇਆ ਗਿਆ ਹੈ। ਸਾਂਝੇ ਬਾਥਰੂਮਾਂ ਦੀ ਵਰਤੋਂ ਵੀ ਸਮੱਸਿਆ ਹੋਰ ਵਧਾ ਸਕਦੀ ਹੈ। ਕਰੋਨਾ ਤੋਂ ਬਚਾਅ ਲਈ ਗਰਮ ਪਾਣੀ ਪਾਣ ਦੀ ਡਾਕਟਰ ਸਲਾਹ ਦੇ ਰਹੇ ਹਨ, ਪਰ ਕਿਸੇ ਕੇਂਦਰ ’ਚ ਗਰਮ ਪਾਣੀ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਨਹੀਂ ਦਿੱਤਾ ਜਾ ਰਿਹਾ।