ਮੁੱਲਾਂਪੁਰ ਦਾਖਾ, (ਹਰਜਿੰਦਰ ਛਾਬੜਾ)— ਵਿਧਾਨ ਸਭਾ ਹਲਕਾ ਦਾਖਾ ਦੀ ਉਪ ਚੋਣ ਦੌਰਾਨ ਅਕਾਲੀ-ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਵੋਟਾਂ ਪੈਣ ਦੇ ਕੰਮ ਦਾ ਜਾਇਜਾ ਲਿਆ ਗਿਆ, ਉਥੇ ਹੀ ਉਨਾਂ ਪਾਰਟੀ ਵੱਲੋਂ ਲਗਾਏ ਪੋਲਿੰਗ ਬੂਥਾਂ ‘ਤੇ ਜਾ ਕੇ ਵਰਕਰਾਂ ਤੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਚੱਲ ਰਹੀ ਵੋਟਿੰਗ ਪ੍ਰਕਿਰਿਆ ਦੀ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨਾਂ ਗੱਲਬਾਤ ਕਰਦਿਆ ਕਿਹਾ ਕਿ ਇਸ ਜਿਮਨੀ ਚੋਣ ਦੇ ਪ੍ਰਚਾਰ ਦੌਰਾਨ ਕਾਂਗਰਸ ਸਰਕਾਰ ਅਤੇ ਆਗੂਆਂ ਨੇ ਉਨਾਂ ਦੇ ਵਰਕਰਾਂ ਨੂੰ ਡਰਾਉਣ-ਧਮਕਾਉਣ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਪ੍ਰੰਤੂ ਉਨਾਂ ਦੇ ਵਰਕਰਾਂ ਤੇ ਲੋਕਾਂ ਕਾਂਗਰਸੀਆਂ ਦੀਆਂ ਧਮਕੀਆਂ ਦਾ ਡਟਵਾਂ ਵਿਰੋਧ ਕਰਦੇ ਹੋਏ ਖੁੱਲ ਕੇ ਚੋਣ ਪ੍ਰਚਾਰ ਵਿਚ ਆ ਗਏ।
ਸ. ਇਆਲੀ ਨੇ ਵਰਕਰਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਜਿਸ ਤਰਾਂ ਵਰਕਰਾਂ ਨੇ ਸਰਕਾਰ ਨਾਲ ਲੜਾਈ ਵਿਚ ਉਨਾਂ ਦਾ ਸਾਥ ਦਿੱਤਾ, ਉਹ ਬਹੁਤ ਹੀ ਸਲਾਘਾਯੋਗ ਹੈ, ਹਾਲਕਿ ਕਾਂਗਰਸ ਸਰਕਾਰ ਨੇ ਵਰਕਰਾਂ ਤੇ ਆਗੂਆਂ ਨੂੰ ਡਰਾਉਣ ਧਮਕਾਉਣ ਲਈ ਹਰ ਇੱਕ ਹੀਲਾ-ਵਸੀਲਾ ਵਰਤਿਆ ਪ੍ਰੰਤੂ ਕਾਂਗਰਸ ਵੱਲੋਂ ਕੀਤੀਆਂ ਗਈਆਂ ਇਹ ਕੋਝੀਆਂ ਹਰਕਤਾਂ ਨੇ ਉਨਾਂ ਦਾ ਹੀ ਪਲੜਾ ਮਜ਼ਬੂਤ ਕੀਤਾ। ਉਨਾਂ ਕਿਹਾ ਕਿ ਜਿਮਨੀ ਚੋਣ ਵਿਚ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਪੂਰੀ ਤਰਾਂ ਆਸਵੰਦ ਹਨ।