ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਅਗਵਾਈ ਵਿੱਚ ਆਸਟਰੇਲਿਆਈ ਟੀਮ ਨੇ ਖ਼ਤਰਨਾਕ ਗੇਂਦਬਾਜ਼ੀ ਦਾ ਨਜ਼ਾਰਾ ਪੇਸ਼ ਕਰਦੇ ਹੋਏ ਇੰਗਲੈਂਡ ਨੂੰ ਤੀਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਇੱਥੇ 67 ਦੌੜਾਂ ’ਤੇ ਆਊਟ ਕਰ ਦਿੱਤਾ। ਹੇਜ਼ਲਵੁੱਡ ਨੇ 30 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦੋਂਕਿ ਪੈਟ ਕਮਿਨਜ਼ ਨੇ 23 ਦੌੜਾਂ ਦੇ ਕੇ ਤਿੰਨ ਅਤੇ ਜੇਮਜ਼ ਪੈਟਿਨਸਨ ਨੇ ਨੌਂ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਵੀਰਵਾਰ ਨੂੰ ਇੰਗਲੈਂਡ ਵੱਲੋਂ 45 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਅਤੇ ਆਸਟਰੇਲੀਆ ਨੂੰ 179 ਦੌੜਾਂ ’ਤੇ ਆਊਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਘੱਟ ਸਕੋਰ ’ਤੇ ਆਊਟ ਹੋਣ ਦੇ ਬਾਵਜੂਦ ਆਸਟਰੇਲੀਆ ਪਹਿਲੀ ਪਾਰੀ ਵਿੱਚ 112 ਦੌੜਾਂ ਦੀ ਅਹਿਮ ਬੜ੍ਹਤ ਹਾਸਲ ਕਰਨ ਵਿੱਚ ਸਫ਼ਲ ਰਿਹਾ। ਪਹਿਲੇ ਦਿਨ ਬੱਦਲ ਛਾਏ ਹੋਏ ਸਨ ਅਤੇ ਆਰਚਰ ਨੂੰ ਉਸ ਦਾ ਫਾਇਦਾ ਮਿਲਿਆ ਪਰ ਦੂਜੇ ਦਿਨ ਅਸਮਾਨ ਸਾਫ਼ ਸੀ ਪਰ ਉਦੋਂ ਵੀ ਇੰਗਲੈਂਡ ਦੇ ਬੱਲੇਬਾਜ਼ ਆਇਆ ਰਾਮ-ਗਿਆ ਰਾਮ ਸਾਬਿਤ ਹੋਏ। ਇੰਗਲੈਂਡ ਦਾ ਸਿਰਫ਼ ਇਕ ਬੱਲੇਬਾਜ਼ ਜੋਅ ਡੈਨਲੀ (12) ਹੀ ਦੋਹਰੇ ਅੰਕ ਵਿੱਚ ਪਹੁੰਚਿਆ। ਕਪਤਾਨ ਜੋਅ ਰੂਟ ਲਗਾਤਾਰ ਦੂਜੀ ਪਾਰੀ ’ਚ ਖਾਤਾ ਖੋਲ੍ਹਣ ਵਿੱਚ ਨਾਕਾਮ ਰਿਹਾ। ਇੰਗਲੈਂਡ ਦੀ ਪਾਰੀ ਸਿਰਫ਼ 27.5 ਓਵਰਾਂ ’ਚ ਸਿਮਟ ਗਈ। ਇੰਗਲੈਂਡ ਦਾ ਇਹ ਇੱਥੇ ਟੈਸਟ ਕ੍ਰਿਕਟ ’ਚ 12ਵਾਂ ਘੱਟ-ਘੱਟ ਸਕੋਰ ਹੈ। ਆਸਟਰੇਲੀਆ ਹੁਣੇ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਚੱਲ ਰਿਹਾ ਹੈ ਅਤੇ ਲੀਡਜ਼ ’ਚ ਜਿੱਤ ਨਾਲ ਉਹ ਐਸ਼ੇਜ਼ ਆਪਣੇ ਕੋਲ ਕਾਇਮ ਰੱਖੇਗਾ।
Sports ਆਸਟਰੇਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਨਹੀਂ ਟਿਕੇ ਬਰਤਾਨਵੀ