ਸਿਡਨੀ– ਆਸਟਰੇਲੀਆ ਵਿਚ ਜ਼ਬਰਦਸਤ ਗਰਮੀ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤਾਪਮਾਨ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਦੱਖਣੀ ਆਸਟੇਲੀਆ ’ਚ ਤਾਪਮਾਨ 49.9 ਡਿਗਰੀ ਸੈਲਸੀਅਸ ਹੈ। ਤਾਪਮਾਨ ਹੋਰ ਵਧਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਮੀਂਹ ਪੈਣ ਦੀ ਸੰਭਾਵਨਾ ਮੱਧਮ ਹੈ। ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਜੰਗਲਾਂ ’ਚ ਲੱਗੀ ਅੱਗ ਨਾਲ 684 ਘਰ ਸੜ ਕੇ ਸੁਆਹ ਹੋ ਗਏ ਹਨ। ਦੋ ਨਾਗਰਿਕਾਂ ਤੇ ਅੱਗ ਬੁਝਾਊ ਅਮਲੇ ਦੇ ਮੈਂਬਰ ਦੀ ਮੌਤ ਵੀ ਹੋ ਗਈ ਹੈ। ਮੀਂਹ ਨਾ ਪੈਣ ਕਰ ਕੇ ਵੀ ਅੱਗ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਡੈਮਾਂ ਵਿਚ ਪਾਣੀ ਦਾ ਪੱਧਰ ਵੀ ਹੇਠਾਂ ਆ ਗਿਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੁਸੀਬਤ ਦੀ ਇਸ ਘੜੀ ’ਚ ਲੋਕਾਂ ਨੂੰ ਇੱਕ-ਦੂਜੇ ਦੀ ਮਦਦ ਕਰਨ, ਰੇਡੀਓ ਸੂਚਨਾਵਾਂ ਸੁਣਨ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਕੰਮਕਾਜੀ ਥਾਂਵਾਂ ਅਤੇ ਸ਼ਾਪਿੰਗ ਸੈਂਟਰਾਂ ਵਿਚ ਸਮਾਜ ਸੇਵੀ ਸੰਸਥਾਵਾਂ ਦਾਨ ਇੱਕਠਾ ਕਰ ਰਹੀਆਂ ਹਨ। ਲੋਕ ਅੱਗ ਨਾਲ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਵਧੇ ਤਾਪਮਾਨ ਨੇ ਸਭ ਤੋਂ ਵੱਧ ਫ਼ਸਲਾਂ ਤੇ ਪਸ਼ੂ ਧਨ ਨੂੰ ਪ੍ਰਭਾਵਿਤ ਕੀਤਾ ਹੈ। ਫ਼ਸਲਾਂ ਦਾ ਝਾੜ ਘਟਣ, ਦੁੱਧ ਤੇ ਮੀਟ ਮਹਿੰਗਾ ਹੋਣ ਦੀ ਸੰਭਾਵਨਾ ਬਣ ਗਈ ਹੈ। ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਸਾਲ 2000 ਤੋਂ ਮੌਸਮ ਵਿਚ ਆਈਆਂ ਤਬਦੀਲੀਆਂ ਨੇ ਫ਼ਸਲੀ ਸੈਕਟਰ ਦਾ ਮਾਲੀਆ ਸਾਲ ਵਿਚ 1.1 ਅਰਬ ਡਾਲਰ ਘਟਾ ਦਿੱਤਾ ਹੈ। ਸੂਬਾ ਨਿਊ ਸਾਊਥ ਵੇਲਜ਼ ਵਿਚ ਪਾਣੀ ਦੀ ਵਰਤੋਂ ਲਈ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਉਲੰਘਣਾ ਕਰਨ ’ਤੇ ਜੁਰਮਾਨੇ ਹੋਏ ਹਨ।