ਸਿਡਨੀ (ਸਮਾਜਵੀਕਲੀ) – ਆਸਟਰੇਲੀਆ ਵਿੱਚ ਕਰੋਨਾਵਾਇਰਸ ਦੇ ਲਗਪਗ 5687 ਮਰੀਜ਼ ਹਨ। ਇਨ੍ਹਾਂ ਵਿੱਚੋਂ 6 ਸੌ ਤੋਂ ਵੱਧ ਮਰੀਜ਼ ‘ਰੂਬੀ ਪ੍ਰਿੰਸੈੱਸ’ ਕਰੂਜ਼ ਦੇ ਹਨ। ਪੁਲੀਸ ਨੇ ਕਰੂਜ਼ ਦੇ ਸਾਰੇ ਘਟਨਾਕ੍ਰਮ ਨੂੰ ਅੱਜ ਅਪਰਾਧਕ ਸ਼੍ਰੇਣੀ ਨਾਲ ਜੋੜਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਬਾ ਨਿਊ ਸਾਊਥ ਵੇਲਜ਼ ਦੇ ਪੁਲੀਸ ਕਮਿਸ਼ਨਰ ਮਿਕ ਫੁੱਲਰ ਨੇ ਦੱਸਿਆ ਕਿ 19 ਮਾਰਚ ਨੂੰ ਸਿਡਨੀ ਹਾਰਬਰ ’ਤੇ ਕਰੂਜ਼ ਨੂੰ ਡਾਕਿੰਗ ’ਤੇ ਲਾਉਣ ਦੀ ਕਾਰਵਾਈ, ਪੀੜਤ ਮਰੀਜ਼ਾਂ ਨਾਲ ਸਟਾਫ ਦਾ ਵਰਤੋਂ ਵਿਵਹਾਰ ਤੇ ਬਣੇ ਹਾਲਾਤ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਹੈ।
ਆਸਟਰੇਲੀਆ ਵਿੱਚ ਕਰੋਨਾ ਤੋਂ ਪੀੜਤ 34 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਰੂਬੀ ਪ੍ਰਿੰਸੈੱਸ ਕਰੂਜ਼ ਦੇ 11 ਮ੍ਰਿਤਕ ਸ਼ਾਮਲ ਹਨ। ਅੱਜ ਇੱਕ 78 ਸਾਲਾ ਵਿਅਕਤੀ ਦੀ ਕੁਈਨਜ਼ਲੈਂਡ ਵਿੱਚ ਮੌਤ ਹੋ ਗਈ। ਦੇਸ਼ ਵਿੱਚ ਕਰੋਨਾ ਦੇ 2,315 ਮਰੀਜ਼ ਠੀਕ ਹੋਏ ਹਨ। ਕਰੂਜ਼ ਨੂੰ ਸਿਡਨੀ ਵਿੱਚ ਕਰੋਨਾ ਮਹਾਮਾਰੀ ਫੈਲਾਉਣ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਵਿਰੋਧੀ ਧਿਰ ਲੇਬਰ ਪਾਰਟੀ ਨੇ ਲਿਬਰਲ ਸਰਕਾਰ ਨੂੰ ਪ੍ਰਸ਼ਾਸਨਿਕ ਅਣਗਹਿਲੀ ਵਰਤਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਨੂੰ ਸਵਾਲ ਹੋ ਰਹੇ ਹਨ ਕਿ ਬੋਰਡ ਵਿੱਚ ਸਵਾਰ ਫਲੂ ਵਰਗੇ ਲੱਛਣਾਂ ਦੇ ਬਾਵਜੂਦ ਲਗਭਗ 27 ਸੌ ਯਾਤਰੀਆਂ ਨੂੰ ਉਤਰਨ ਦੀ ਆਗਿਆ ਕਿਵੇਂ ਦੇ ਦਿੱਤੀ ਗਈ ਸੀ ਜੋ ਸ਼ਹਿਰ ਵਿੱਚ ਘੁੰਮਦੇ ਰਹੇ।
ਪੁਲੀਸ ਨੇ ਦੱਸਿਆ ਕਿ ‘ਰੂਬੀ ਪ੍ਰਿੰਸੈੱਸ’ ਵਿੱਚ ਅਜੇ ਵੀ ਚਾਲਕ ਅਮਲੇ ਦੇ 200 ਮੈਂਬਰ ਹਨ, ਜਿਨ੍ਹਾਂ ਵਿੱਚ ਕਰੋਨਾ ਦੇ ਲੱਛਣ ਸਨ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਜਾਂਚ ਵਿੱਚ ਹਜ਼ਾਰਾਂ ਗਵਾਹਾਂ ਦੇ ਬਿਆਨ ਲਏ ਜਾਣਗੇ, ਜਿਸ ਵਿੱਚ ਕਰੂਜ਼ ਦੇ ਕਪਤਾਨ, ਡਾਕਟਰ, ਚਾਲਕ ਦਲ, ਯਾਤਰੀ ਅਤੇ ਵੱਖ-ਵੱਖ ਕਾਮਨਵੈਲਥ, ਐੱਨ.ਐੱਸ.ਡਬਲਯੂ. ਦੇ ਸਰਕਾਰੀ ਦਫਤਰਾਂ ਅਤੇ ਏਜੰਸੀਆਂ ਦੇ ਸਟਾਫ ਨੂੰ ਸ਼ਾਮਲ ਕੀਤਾ ਗਿਆ ਹੈ।