ਆਸਟਰੇਲੀਆ ਖ਼ਿਲਾਫ਼ ਖੇਡੇ ਜਾਣ ਵਾਲੇ ਦਿਨ-ਰਾਤ ਦੇ ਟੈਸਟ ਮੈਚ ’ਚ ਪਾਕਿਸਤਾਨ ਦੀ ਟੀਮ ’ਚ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਨੂੰ ਸ਼ਾਮਲ ਕੀਤਾ ਗਿਆ ਹੈ। ਕਪਤਾਨ ਅਜ਼ਹਰ ਅਲੀ ਵੀ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਮੈਚ ’ਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਮੈਦਾਨ ’ਤੇ ਉੱਤਰੇਗਾ ਅਤੇ ਸ਼ਾਨ ਮਸੂਦ ਨਾਲ ਇਮਾਮ ਉਲ ਹੱਕ ਪਾਰੀ ਦੀ ਸ਼ੁਰੂਆਤ ਕਰਨਗੇ। ਹਾਰਿਸ ਸੋਹੇਲ ਟੀਮ ’ਚ ਨਹੀਂ ਹੋਣਗੇ। ਤੇਜ਼ ਗੇਂਦਬਾਜ਼ ਅੱਬਾਸ ਨੇ 14 ਟੈਸਟ ਮੈਚਾਂ ’ਚ 18.86 ਦੀ ਔਸਤ ਨਾਲ 66 ਵਿਕਟਾਂ ਹਾਸਲ ਕੀਤੀਆਂ ਹਨ ਪਰ ਉਸ ਨੂੰ ਬ੍ਰਿਸਬਨ ’ਚ ਪਹਿਲੇ ਟੈਸਟ ਮੈਚ ਨਹੀਂ ਚੁਣਿਆ ਗਿਆ ਸੀ ਤੇ ਉਸ ਮੈਚ ’ਚ ਪਾਕਿਸਤਾਨ ਨੂੰ ਪਾਰੀ ਤੇ ਪੰਜ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜ਼ਹਰ ਨੇ ਟੀਮ ਬਾਰੇ ਕਿਹਾ, ‘ਲਾਜ਼ਮੀ ਤੌਰ ’ਤੇ ਕੁਝ ਤਬਦੀਲੀਆਂ ਹੋਣਗੀਆਂ। ਇਨ੍ਹਾਂ ’ਚ ਅੱਬਾਸ ਵੀ ਸ਼ਾਮਲ ਹੈ। ਉਸ ਨੇ ਟੈਸਟ ਮੈਚਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ।’
ਦੂਜੇ ਪਾਸੇ ਆਸਟਰੇਲੀਆ ਨੇ ਪਾਕਿਸਤਾਨ ਖ਼ਿਲਾਫ਼ ਟੀਮ ’ਚ ਕੋਈ ਤਬਦੀਲੀ ਨਹੀਂ ਕੀਤੀ ਹੈ ਪਰ ਉਸ ਨੇ ਸਬਸਟੀਚਿਊਟ ਕੈਮਰਨ ਬੈਨਕ੍ਰਾਫਟ ਨੂੰ ਰਿਲੀਜ਼ ਕਰ ਦਿੱਤਾ ਹੈ। ਸਵਿੰਗ ਗੇਂਦਬਾਜ਼ ਮਾਈਕਲ ਨੇਸੇਰ 12ਵੇਂ ਖਿਡਾਰੀ ਹੋਣਗੇ। ਬੱਲੇਬਾਜ਼ ਬੈਨਕ੍ਰਾਫਟ ਅਤੇ ਤੇਜ਼ ਗੇਂਦਬਾਜ਼ ਜੇਮਜ਼ ਪੈਟਿਨਸਨ ਨੂੰ ਘਰੇਲੂ ਕ੍ਰਿਕਟ ਖੇਡਣ ਲਈ ਰਿਲੀਜ਼ ਕੀਤਾ ਗਿਆ ਹੈ। ਕਪਤਾਨ ਟਿਮ ਪੈਨ ਨੇ ਕਿਹਾ, ‘ਅਸੀਂ ਟੀਮ ’ਚ ਕੋਈ ਤਬਦੀਲੀ ਨਹੀਂ ਕੀਤੀ ਹੈ।’
Sports ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਲਈ ਅੱਬਾਸ ਪਾਕਿ ਟੀਮ ’ਚ ਸ਼ਾਮਲ