ਤੀਰਅੰਦਾਜ਼ੀ: ਦੀਪਿਕਾ ਤੇ ਅੰਕਿਤਾ ਦਾ ਓਲੰਪਿਕ ਕੋਟਾ ਪੱਕਾ

ਦੀਪਿਕਾ ਕੁਮਾਰੀ ਨੇ ਇੱਥੇ 21ਵੀਂ ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੌਰਾਨ ਕਰਵਾਏ ਗਏ ਮਹਾਦੀਪ ਪੱਧਰ ਦੇ ਕੁਆਲੀਫਿਕੇਸ਼ਨ ਟੂਰਨਾਮੈਂਟ ’ਚ ਸੋਨ ਤਗ਼ਮਾ ਤੇ ਅੰਕਿਤਾ ਭਗਤ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਓਲੰਪਿਕ ਕੋਟਾ ਪੱਕਾ ਕਰ ਲਿਆ ਹੈ। ਇਸ ਮਹਾਦੀਪ ਪੱਧਰ ਦੇ ਕੁਆਲੀਫਿਕੇਸ਼ਨ ਨਾਲ ਤਿੰਨ ਨਿੱਜੀ ਸਥਾਨ ਹਾਸਲ ਕੀਤੇ ਜਾ ਸਕਦੇ ਸੀ ਅਤੇ ਕੌਮੀ ਫੈਡਰੇਸ਼ਨ ਦੀ ਮੁਅੱਤਲੀ ਕਾਰਨ ਕੌਮੀ ਝੰਡੇ ਤੋਂ ਬਿਨਾਂ ਖੇਡ ਰਹੇ ਭਾਰਤੀ ਤੀਰਅੰਦਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ’ਚੋਂ ਸਿਖਰਲਾ ਦਰਜਾ ਦੀਪਿਕਾ ਅਤੇ ਛੇਵਾਂ ਦਰਜਾ ਅੰਕਿਤਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਦੀਪਿਕਾ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮਲੇਸ਼ੀਆ ਦੀ ਨੂਰ ਅਫੀਸਾ ਅਬਦੁਲ ਨੂੰ 7-2, ਇਰਾਨ ਦੀ ਜਹਿਰਾ ਨੇਮਾਤੀ ਨੂੰ 6-4 ਤੇ ਸਥਾਨਕ ਤੀਰਅੰਦਾਜ਼ ਨਰੀਸਾਰਾ ਖੁਨਹਿਰਾਨਚਾਇਓ ਨੂੰ 6-2 ਨਾਲ ਮਾਤ ਦੇ ਕੇ ਸੈਮੀ ਫਾਈਨਲ ’ਚ ਪਹੁੰਚ ਕੇ ਓਲੰਪਿਕ ਕੋਟਾ ਹਾਸਲ ਕੀਤਾ। ਦੀਪਿਕਾ ਨੇ ਕਿਹਾ, ‘ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਪਰ ਅਸੀਂ ਸ਼ੁਰੂ ’ਚ ਥੋੜਾ ਘਬਰਾਏ ਹੋਏ ਸੀ। ਤੇਜ਼ ਹਵਾ ਵੀ ਚੱਲ ਰਹੀ ਪਰ ਹੁਣ ਮੈਂ ਚੰਗਾ ਮਹਿਸੂਸ ਕਰ ਰਹੀ ਹਾਂ।’ ਉਸ ਨੇ ਕਿਹਾ ਕਿ ਉਹ ਹੁਣ ਅਗਲੇ ਸਾਲ ਵਿਸ਼ਵ ਕੱਪ ਦੇ ਬਰਲਿਨ ਗੇੜ ਤੋਂ ਟੀਮ ਕੋਟਾ ਹਾਸਲ ਕਰਨ ਦੀ ਆਸ ਕਰ ਰਹੇ ਹਨ। ਤੀਰਅੰਦਾਜ਼ੀ ’ਚ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਆਖਰੀ ਮੌਕਾ 2020 ਵਿਸ਼ਵ ਕੱਪ ਦਾ ਬਰਲਿਨ ਗੇੜ ਹੈ। ਬਾਅਦ ਵਿੱਚ ਦੀਪਿਕਾ ਨੇ ਵੀਅਤਨਾਮ ਦੀ ਐਨਗੁਏਟ ਡੋ ਥੀ ਐਨ ਨੂੰ 6-2 ਨਾਲ ਹਰਾਇਆ। ਅੰਕਿਤਾ ਨੇ ਹਾਂਗਕਾਂਗ ਦੀ ਲਾਮ ਸ਼ੁਕ ਚਿੰਗ ਐਡਾ ਨੂੰ, ਵੀਅਤਨਾਮ ਦੀ ਐਨਗੁਏਨ ਥੀ ਫੁਯੌਂਗ ਨੂੰ ਤੇ ਕਜ਼ਾਖ਼ਸਤਾਨ ਦੀ ਅਨਾਸਤਾਸੀਆ ਬਾਨੋਵਾ ਨੂੰ ਨਾਲ ਮਾਤ ਦਿੱਤੀ। ਅੰਕਿਤਾ ਨੇ ਆਖਰੀ ਚਾਰ ’ਚ ਭੂਟਾਨ ਦੀ ਕਰਮਾ ਨੂੰ 6-2 ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ।

Previous articleਪਰਾਲੀ ਮਾਮਲਾ: ਕਿਸਾਨ ਆਗੂਆਂ ਨੇ ਦਿੱਤੀਆਂ ਗ੍ਰਿਫ਼ਤਾਰੀਆਂ
Next articleਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਲਈ ਅੱਬਾਸ ਪਾਕਿ ਟੀਮ ’ਚ ਸ਼ਾਮਲ