ਆਵਾਜ਼ ਪ੍ਰਦੂਸ਼ਣ ਕਾਨੂੰਨ ਦਾ ਪੰਜਾਬ ਰਾਜ ਵਿਚ ਪ੍ਰਦੂਸ਼ਣ-
ਰਮੇਸ਼ਵਰ ਸਿੰਘ, ਪਟਿਆਲਾ
ਸੰਪਰਕ ਨੰਬਰ -9914880392
(ਸਮਾਜ ਵੀਕਲੀ)- ਭਾਰਤ ਆਜ਼ਾਦ ਹੋਣ ਤੋਂ ਬਾਅਦ ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਸੰਵਿਧਾਨ ਕਮੇਟੀ ਨੇ ਭਾਰਤ ਦੀਆਂ ਸਾਰੀਆਂ ਸਥਿਤੀਆਂ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਸੰਵਿਧਾਨ ਬਣਾਇਆ ਤੇ ਪਾਸ ਕੀਤਾ ਹੈ। ਸਮੇਂ ਦੇ ਨਾਲ ਹਾਲਾਤ ਬਦਲਦੇ ਰਹਿੰਦੇ ਹਨ ਜਿਸ ਨਾਲ ਕੇਂਦਰੀ ਤੇ ਰਾਜ ਸਰਕਾਰਾਂ ਆਪਣੇ ਕਾਨੂੰਨ ਬਦਲ ਲੈਂਦੀਆਂ ਹਨ ਤੇ ਹਾਲਾਤ ਅਨੁਸਾਰ ਸਭ ਕੁਝ ਅਨੁਕੂਲ ਰਹਿੰਦਾ ਹੈ। ਕੁਝ ਕਾਨੂੰਨ ਅਜਿਹੇ ਹੁੰਦੇ ਹਨ ਜੋ ਅਜੋਕੇ ਹਾਲਾਤ ਜਿਸ ਨੂੰ ਸਰਕਾਰਾਂ ਦੇਖ ਕੇ ਅਣਡਿੱਠ ਕਰ ਦਿੰਦੀਆਂ ਹਨ, ਖਾਸ ਤੌਰ ਤੇ ਆਮ ਲੋਕਾਂ ਦੇ ਜੀਵਨ ਨਾਲ ਸਬੰਧਤ ਅਜਿਹੇ ਖ਼ਾਸ ਕਾਨੂੰਨ ਮਾਨਯੋਗ ਸੁਪਰੀਮ ਕੋਰਟ ਤੇ ਇਲਾਕਾਈ ਮਾਣਯੋਗ ਹਾਈ ਕੋਰਟ ਵੱਲੋਂ ਬਣਾ ਕੇ ਲਾਗੂ ਕਰ ਦਿੱਤੇ ਜਾਂਦੇ ਹਨ ਲੋਕਾਂ ਦੀਆਂ ਖ਼ੁਦ ਮੁਸ਼ਕਿਲਾਂ ਦੇਖ ਕੇ ਜਾਂ ਕਿਸੇ ਅਗਾਂਹਵਧੂ ਵਕੀਲ ਦੀ ਪਟੀਸ਼ਨ ਪਾਉਣ ਉੱਤੇ ਬਹੁਤ ਵਧੀਆ ਸਾਰਥਿਕ ਕਨੂੰਨ ਬਣ ਜਾਂਦੇ ਹਨ ਪਰ ਸਰਕਾਰਾਂ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਵੇਖ ਕੇ ਅਣਡਿੱਠ ਕਰਦੇ ਹਨ। ਅਜਿਹੇ ਕਾਨੂੰਨ ਜਨਤਾ ਲਈ ਬੇਹੱਦ ਜ਼ਰੂਰੀ ਹੁੰਦੇ ਹਨ ਪਰ ਸਰਕਾਰਾਂ ਇਸ ਵੱਲ ਯੋਗ ਧਿਆਨ ਨਹੀਂ ਦਿੰਦੀਆਂ ਸੋ ਜਿਨ੍ਹਾਂ ਵਿੱਚੋਂ ਮੁੱਖ ਹਨ ਜਨਤਾ ਲਈ ਜ਼ਰੂਰੀ ਵਰਜਿਤ ਪਾਰਕਿੰਗ ਤੇ ਸਿਗਰਟਨੋਸ਼ੀ, ਆਰ. ਟੀ. ਆਈ. ਇਸ ਦਾ ਜਵਾਬ ਸਰਕਾਰੀ ਅਦਾਰਿਆਂ ਵਿੱਚੋਂ ਲੈਣਾ ਬੇਹੱਦ ਮੁਸ਼ਕਿਲ ਹੈ।
ਆਵਾਜ਼ ਪ੍ਰਦੂਸ਼ਨ ਸਮਾਜਿਕ ਸੁਨੇਹੇ ਦੀ ਉਲੰਘਣਾ ਬੇਹੱਦ ਦੁਖਦਾਈ ਮਸਲਾ ਤੇ ਸਖ਼ਤ ਕਾਨੂੰਨ ਹਨ ਪਰ ਕਿਸੇ ਪ੍ਰਸ਼ਾਸਕ ਅਧਿਕਾਰੀ ਨੂੰ ਸੁਣਾਈ ਨਹੀਂ ਦਿੰਦਾ।ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲੀਸ ਵਿਭਾਗ ਤਕ ਪਹੁੰਚ ਕਰੋ ਕਿ ਧਾਰਮਿਕ ਸਥਾਨਾਂ ਤੇ ਮੈਰਿਜ ਪੈਲਿਸ ਵਿੱਚ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਵੱਜ ਰਹੇ ਹਨ ਉਨ੍ਹਾਂ ਦਾ ਘੜਿਆ ਘੜਾਇਆ ਜਵਾਬ ਹੁੰਦਾ ਹੈ ਇਹ ਧਾਰਮਿਕ ਮਸਲਾ ਹੈ ਜਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਥੋੜ੍ਹੀ ਦੇਰ ਚੱਲ ਕੇ ਆਵਾਜ਼ ਬੰਦ ਹੋ ਜਾਵੇਗੀ,ਪਤਾ ਨੀ ਇਹ ਸਰਕਾਰੀ ਹੁਕਮ ਹੁੰਦਾ ਹੈ ਜਾਂ ਧਾਰਮਿਕ ਤੇ ਵਿਉਪਾਰਕ ਜਥੇਬੰਦੀਆਂ ਨਾਲ ਮੇਲ ਜੋਲ, ਅਜਿਹਾ ਵਰਤਾਰਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦਾ ਮੈਂ ਖ਼ੁਦ ਹੰਢਾਇਆ ਹੈ। ਸੰਨ 1970,1980 ਦਹਾਕੇ ਤਕ ਵਿਆਹ ਸ਼ਾਦੀਆਂ ਤੇ ਧਾਰਮਿਕ ਸਥਾਨਾਂ ਤੇ ਪ੍ਰੋਗਰਾਮ ਹੁੰਦੇ ਸਨ, ਦਿਨ ਵੇਲੇ ਹੀ ਆਪਣਾ ਪ੍ਰੋਗਰਾਮ ਖ਼ਤਮ ਕਰ ਕੇ ਹਰ ਕੋਈ ਆਵਾਜ਼ ਵਗੈਰਾ ਬੰਦ ਕਰ ਦਿੱਤੀ ਜਾਂਦੀ ਸੀ। ਧਾਰਮਿਕ ਸਥਾਨਾਂ ਤੇ ਸੰਗਰਾਂਦ ਜਾਂ ਗੁਰਪੁਰਬ ਵਾਲੇ ਦਿਨ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਬਾਕੀ ਦਿਨ ਸ਼ਰਧਾ ਨਾਲ ਜਿਸ ਨੇ ਧਾਰਮਿਕ ਸਥਾਨਾਂ ਤੇ ਜਾਣਾ ਹੈ ਜਾਓ ਪਰ ਲਾਊਡ ਸਪੀਕਰ ਹਰ ਰੋਜ਼ ਨਹੀਂ ਵਜਾਏ ਜਾਂਦੇ ਸਨ।
ਹੁਣ ਤਾਂ ਸਵੇਰੇ ਚਾਰ ਵਜੇ ਤੋਂ ਜਿੰਨੇ ਵੀ ਧਾਰਮਿਕ ਸਥਾਨ ਹਨ ਮੁਕਾਬਲੇ ਦੇ ਰੂਪ ਵਿਚ ਲਾਊਡ ਸਪੀਕਰ ਚਾਲੂ ਕਰ ਦਿੰਦੇ ਹਨ,ਇਸੇ ਤਰ੍ਹਾਂ ਰਾਤ ਨੂੰ ਲੜੀ ਜਾਰੀ ਰਹਿੰਦੀ ਹੈ।ਧਾਰਮਕ ਸੰਸਥਾਵਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਲਾਊਡ ਸਪੀਕਰ ਨਾਲ ਧਰਮ ਦਾ ਪ੍ਰਚਾਰ ਜਾਂ ਪ੍ਰਸਾਰ ਹੁੰਦਾ ਹੈ? ਉੱਚੀ ਆਵਾਜ਼ ਨਾਲ ਸਾਡੇ ਸਰੀਰ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਤੇ ਬਿਮਾਰ ਲੋਕਾਂ ਨੂੰ ਕਿੰਨੀ ਮੁਸ਼ਕਿਲ ਹੁੰਦੀ ਹੈ।ਸ਼ਹਿਰਾਂ ਵਿੱਚ ਤਾਂ ਹਰ ਗਲੀ ਵਿੱਚ ਧਾਰਮਿਕ ਸਥਾਨ ਮੌਜੂਦ ਹਨ ਜਨਤਾ ਆਮ ਤੌਰ ਤੇ ਇਨ੍ਹਾਂ ਤਕ ਪਹੁੰਚ ਕਰਨ ਦੀ ਹਿੰਮਤ ਨਹੀਂ ਕਰਦੀ ਕਿਉਂਕਿ ਇਨ੍ਹਾਂ ਦੇ ਪ੍ਰਧਾਨ ਜਨਤਾ ਤੇ ਭਾਰੀ ਪੈਂਦੇ ਹਨ।ਪਿੰਡਾਂ ਵਿਚ ਵੀ ਇਕ ਤੋਂ ਵੱਧ ਧਾਰਮਿਕ ਸਥਾਨ ਹਨ ਜਿਨ੍ਹਾਂ ਦਾ ਲਾਊਡ ਸਪੀਕਰ ਮੁਕਾਬਲਾ ਚੱਲਦਾ ਰਹਿੰਦਾ ਹੈ ਜੇ ਕੋਈ ਸੱਜਣ ਮਿੱਤਰ ਆਵਾਜ਼ ਘੱਟ ਕਰਨ ਦੀ ਗੱਲ ਕਰ ਲਵੇ ਤਾਂ ਧਾਰਮਿਕ ਸਥਾਨਾਂ ਦੇ ਮੁਖੀ ਉਸ ਨੂੰ ਨਾਸਤਿਕ ਤਾਂ ਦੱਸਦੇ ਹੀ ਹਨ ਤੇ ਪਿੰਡ ਵਾਲੇ ਉਸ ਨਾਲ ਬੋਲ ਚਾਲ ਵੀ ਬੰਦ ਕਰ ਦਿੰਦੇ ਹਨ।
ਮਾਣਯੋਗ ਸੁਪਰੀਮ ਕੋਰਟ ਨੇ ਆਵਾਜ਼ ਪ੍ਰਦੂਸ਼ਣ ਤੇ ਠੱਲ੍ਹ ਪਾਉਣ ਲਈ ਲੋਕ ਹਿੱਤ ਕਾਨੂੰਨ “ਆਵਾਜ਼ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮ,2000” ਦੇ ਰੂਪ ਵਿੱਚ ਹੈ, ਜਿਸ ਤਹਿਤ ਰਾਤ ਦਸ ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤੱਕ ਸਮਾਜਿਕ ਧਾਰਮਿਕ ਜਾਂ ਕਿਸੇ ਵੀ ਕਿਸਮ ਦਾ ਕੋਈ ਪ੍ਰੋਗਰਾਮ ਹੋਵੇ, ਉਨ੍ਹਾਂ ਪ੍ਰੋਗਰਾਮਾਂ ਵਿੱਚ ਲਾਊਡ ਸਪੀਕਰ ਚਾਲੂ ਕਰਨ ਦੀ ਸਖ਼ਤ ਮਨਾਹੀ ਹੈ ਉਸ ਤੋਂ ਬਾਅਦ ਸਵੇਰੇ ਛੇ ਵਜੇ ਤੋਂ ਰਾਤ ਦੱਸ ਵਜੇ ਤਕ ਜੇ ਮਨਜ਼ੂਰੀ ਪ੍ਰਸ਼ਾਸਨ ਤੋਂ ਲਈ ਹੋਈ ਹੈ, ਲਾਊਡ ਸਪੀਕਰ ਚਾਲੂ ਕਰ ਸਕਦੇ ਹੋ ਪਰ ਜਿਸ ਥਾਂ ਤੇ ਪ੍ਰੋਗਰਾਮ ਹੋ ਰਿਹਾ ਹੈ, ਜੇ ਇਮਾਰਤ ਹੈ ਤਾਂ ਆਵਾਜ਼ ਕੰਧਾਂ ਦੇ ਅੰਦਰ ਰਹੇ ਜੇ ਖੁੱਲ੍ਹਾ ਪੰਡਾਲ ਹੈ ਤਾਂ ਕੁਝ ਸੀਮਤ ਇਲਾਕੇ ਤਕ ਹੀ ਆਵਾਜ਼ ਜਾ ਸਕਦੀ ਹੈ। ਜੇ ਸਰਕਾਰ ਵੱਲੋਂ ਕੋਈ ਮੁਨਿਆਦੀ ਕਰਨੀ ਹੋਵੇ ਸਿਰਫ਼ ਉਸ ਲਈ ਲਾਊਡ ਸਪੀਕਰ ਵਜਾਉਣ ਦੀ ਛੋਟ ਹੈ। ਪੰਜਾਬ ਸਰਕਾਰ ਵੱਲੋਂ ਵੀ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਦਾ ਕਵਚ 1956 ਪੰਜਾਬ ਇੰਸਟਰੂਮੈਂਟ ਕੰਟਰੋਲ ਆਪ ਨਾਜਾਇਜ਼ ਧਾਰਾ 3,4 ਹੈ ਜਿਸ ਦੇ ਤਹਿਤ ਪ੍ਰਸ਼ਾਸਨ ਦੀ ਇਜਾਜ਼ਤ ਲੈਣੀ ਬੇਹੱਦ ਜ਼ਰੂਰੀ ਹੈ। ਪਰ ਸ਼ਰ੍ਹੇਆਮ ਮੈਰਿਜ ਪੈਲੇਸ ਤੇ ਧਾਰਮਿਕ ਸਥਾਨਾਂ ਤੇ ਆਵਾਜ਼ ਪ੍ਰਦੂਸ਼ਣ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ, ਸਾਡੀ ਸਰਕਾਰ ਚੁੱਪ ਹੈ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੁਝ ਸੁਣਾਈ ਨਹੀਂ ਦਿੰਦਾ। ਡਿਪਟੀ ਕਮਿਸ਼ਨਰ ਦਫਤਰ ਤੱਕ ਆਮ ਆਦਮੀ ਦੀ ਪਹੁੰਚ ਹੋ ਨਹੀਂ ਸਕਦੀ ਤੇ ਪੁਲੀਸ ਕਰਮਚਾਰੀਆਂ ਦਾ ਵਤੀਰਾ ਲੋਕਾਂ ਨਾਲ ਆਪਾਂ ਜਾਣਦੇ ਹੀ ਹਾਂ। ਮਾਣਯੋਗ ਸੁਪਰੀਮ ਕੋਰਟ ਵੱਲੋਂ ਬਣਾਏ ਕਾਨੂੰਨ ਨੂੰ ਇੱਕੀ ਸਾਲ ਬੀਤ ਚੁੱਕੇ ਹਨ ਪਰ ਸਰਕਾਰ ਦਾ ਇਕ ਪ੍ਰਤੀਸਤ ਵੀ ਕਾਨੂੰਨ ਦੀ ਰਾਖੀ ਕਰਨ ਵੱਲ ਧਿਆਨ ਨਹੀਂ।
ਹਰ ਸਾਲ ਬੱਚਿਆਂ ਦੀਆਂ ਪ੍ਰੀਖਿਆਵਾਂ ਨੂੰ ਮੁੱਖ ਰੱਖ ਕੇ ਸਿੱਖਿਆ ਵਿਭਾਗ ਵੱਲੋਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਬੇਨਤੀ ਰੂਪੀ ਚਿੱਠੀਆਂ ਕੱਢੀਆਂ ਜਾਂਦੀਆਂ ਹਨ,ਪਰ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਚਿੱਠੀ ਪੜ੍ਹਾਉਣ ਵਾਲਾ ਕੋਈ ਨਹੀਂ ਜੋ ਫਾਈਲ ਅੱਜਕੱਲ੍ਹ ਡਿਜੀਟਲ ਤਕਨੀਕ ਦੇ ਅੰਦਰ ਪਈਆਂ ਰਹਿੰਦੀਆਂ ਹਨ। ਆਵਾਜ਼ ਪ੍ਰਦੂਸ਼ਣ ਤੇ ਠੱਲ੍ਹ ਪਾਉਣ ਲਈ ਸਾਡੀਆਂ ਕੁਝ ਸਮਾਜਿਕ ਜਥੇਬੰਦੀਆਂ ਨੇ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਜਿਸ ਲਈ ਜੁਲਾਈ 2019 ਕੋਰਟ ਵੱਲੋਂ ਖਾਸ ਹਦਾਇਤਾਂ ਨਾਲ ਹੁਕਮ ਜਾਰੀ ਕਰ ਦਿੱਤਾ ਗਿਆ। ਆਵਾਜ਼ ਪ੍ਰਦੂਸ਼ਣ ਰੋਕਣ ਲਈ ਅਤੇ ਤਾਂ ਉਹੋ ਹੀ ਹਨ ਜੋ ਮਾਣਯੋਗ ਸੁਪਰੀਮ ਕੋਰਟ ਨੇ ਪਾਸ ਕੀਤੀਆਂ ਸਨ, ਉਸ ਵਿੱਚ ਖ਼ਾਸ ਸੋਧ ਇਹ ਹੈ ਆਵਾਜ਼ ਪ੍ਰਦੂਸ਼ਨ ਦੀ ਜਿੱਥੇ ਉਲੰਘਣਾ ਹੋ ਰਹੀ ਹੈ ਉਸ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੈ। ਹੁਣ ਤਿੰਨ ਸਾਲ ਮਾਣਯੋਗ ਹਾਈ ਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਬੀਤ ਚੱਲੇ ਹਨ, ਪਰ ਪੰਜਾਬ ਸਰਕਾਰ ਵੱਲੋਂ ਮਾਣਯੋਗ ਹਾਈ ਕੋਰਟ ਵੱਲੋਂ ਇਹ ਪੁੱਛਣ ਤੇ ਕਿ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਆਵਾਜ਼ ਪ੍ਰਦੂਸ਼ਣ ਲਈ ਕੌਣ ਜ਼ਿੰਮੇਵਾਰ ਹੋਵੇਗਾ, ਬਹੁਤ ਤਾਰੀਖਾਂ ਲੰਘ ਗਈਆਂ ਪਰ ਸਰਕਾਰ ਵੱਲੋਂ ਕੋਈ ਯੋਗ ਪੱਤਰ ਜਾਰੀ ਨਹੀਂ ਕੀਤਾ ਗਿਆ ਜਿਸ ਵਿੱਚ ਅਧਿਕਾਰੀ ਦਾ ਨਾਮ ਦਰਜ ਹੋਵੇ। ਜਿਸ ਤੋਂ ਜਨਤਾ ਸੁਧਾਰ ਕਰਵਾ ਸਕੇ ਤੇ ਯੋਗ ਜਵਾਬ ਲੈ ਸਕੇ।ਲੋਕਰਾਜ ਵਿਚ ਲੋਕ ਅਧਿਕਾਰੀ ਕਾਨੂੰਨਾਂ ਦੀ ਰਾਖੀ ਕਰਨ ਲਈ ਤਿਆਰ ਨਹੀਂ ਤਾਂ ਜਨਤਾ ਇਨਸਾਫ਼ ਲੈਣ ਲਈ ਕਿੱਥੇ ਜਾਵੇ?
ਮੈਂ ਖ਼ੁਦ ਹੰਢਾਇਆ ਤੇ ਵੇਖਿਆ ਹੈ ਕਿ ਜੇ ਸਬੰਧਤ ਥਾਣੇ ਨੂੰ ਰਿਪੋਰਟ ਕੀਤੀ ਜਾਵੇ ਕਿ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਹੋ ਰਹੀ ਹੈ ਪਹਿਲੀ ਗੱਲ ਉਹ ਧਿਆਨ ਨਾਲ ਫੋਨ ਸੁਣਦੇ ਨਹੀਂ ਜੇ ਸੁਣ ਵੀ ਲੈਣ ਤਾਂ ਜਿਸ ਥਾਂ ਤੇ ਲਾਊਡ ਸਪੀਕਰ ਚੱਲ ਰਿਹਾ ਹੁੰਦਾ ਹੈ ਉਨ੍ਹਾਂ ਨੂੰ ਦੱਸ ਦਿੰਦੇ ਹਨ ਕਿ ਸਾਨੂੰ ਫਲਾਣੇ ਆਦਮੀ ਨੇ ਤੁਹਾਡੀ ਰਿਪੋਰਟ ਕੀਤੀ ਹੈ। ਜੇ ਸੌ ਨੰਬਰ ਤੇ ਫੋਨ ਕਰੋ ਤਾਂ ਉਨ੍ਹਾਂ ਦਾ ਇਹ ਜਵਾਬ ਹੁੰਦਾ ਹੈ ਕਿ ਸਾਨੂੰ ਉਸ ਘਰ ਜਾਂ ਬੰਦੇ ਦਾ ਨਾਮ ਦੱਸੋ ਜਿੱਥੇ ਵੱਜ ਰਿਹਾ ਲਾਊਡ ਸਪੀਕਰ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਕੌਣ ਜਾ ਕੇ ਚੌਕੀਦਾਰੀ ਕਰੇਗਾ ਜਦ ਕਿ ਸ਼ਹਿਰਾਂ ਵਿਚ ਰਾਤ ਨੂੰ ਪੈਟਰੋਲਿੰਗ ਕਰਨ ਵਾਲੇ ਪੁਲੀਸ ਕਰਮਚਾਰੀਆਂ ਦਾ ਇਹ ਫ਼ਰਜ਼ ਬਣਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਧਾਰਮਿਕ ਸਥਾਨਾਂ ਨੂੰ ਹੁਕਮਨਾਮਾ ਨਹੀਂ ਇੱਕ ਚਿੱਠੀ ਜ਼ਰੂਰ ਤਿੰਨ ਕੁ ਸਾਲ ਪਹਿਲਾਂ ਲਿਖੀ ਸੀ ਕਿ ਲਾਊਡ ਸਪੀਕਰਾਂ ਤੇ ਪਾਬੰਦੀ ਲਗਾਓ, ਪਰ ਕੌਣ ਕਹੇ ਰਾਣੀ ਅੱਗਾ ਢੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਣਿਆ ਇਲਾਕਾਈ ਮੈਂਬਰ ਨੂੰ ਵੀ ਇਹ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਕੇਂਦਰ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਕਿ ਕਿਸੇ ਵੀ ਨਾਗਰਿਕ ਨੂੰ ਕੋਈ ਮੁਸ਼ਕਿਲ ਹੋਵੇ ਤਾਂ ਆਪਣੇ ਰਾਜ ਦੇ ਪੁਲੀਸ ਮੁਖੀ ਦੇ ਫ਼ੋਨ ਨੰਬਰ 181 ਤੇ ਦੱਸ ਸਕਦਾ ਹੈ ਹੁਣ ਇਹ ਨੰਬਰ ਸਿਰਫ਼ ਔਰਤਾਂ ਲਈ ਹੀ ਨਿਰਧਾਰਤ ਕਰ ਦਿੱਤਾ ਗਿਆ ਹੈ, ਹੁਣ ਜੇ ਜ਼ਿਲ੍ਹਾ ਪ੍ਰਸ਼ਾਸਨ ਦੁੱਖ ਤਕਲੀਫ਼ ਨਾ ਸੁਣੇ ਤਾਂ ਜਨਤਾ ਕਿਸ ਦਾ ਦਰਵਾਜਾ ਖੜਕਾਵੇ। ਸਾਡੀਆਂ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਸੰਸਥਾਵਾਂ ਦਾ ਫ਼ਰਜ਼ ਬਣਦਾ ਹੈ ਕਿ ਆਵਾਜ਼ ਪ੍ਰਦੂਸ਼ਣ ਦੇ ਉੱਤੇ ਪਾਬੰਦੀ ਲਗਾਉਣ ਅਗਾਂਹਵਧੂ ਲੋਕ ਅਵਾਜ਼ ਉਠਾਉਣ ਸੁੱਤੀ ਪੰਜਾਬ ਸਰਕਾਰ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਜਗਾਉਣ, ਮੀਡੀਆ ਦਾ ਵੀ ਫ਼ਰਜ਼ ਬਣਦਾ ਹੈ ਕਿ ਜਨਤਾ ਵਿੱਚ ਜਾ ਕੇ ਇਸ ਮਸਲੇ ਬਾਰੇ ਵਿਚਾਰ ਚਰਚਾ ਕਰੇ।ਹਰ ਇੱਕ ਇਨਸਾਨ ਕੋਲੋਂ ਮੋਬਾਇਲ ਫੋਨ ਹੈ, ਸੋਸ਼ਲ ਮੀਡੀਆ ਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਇਸ ਨਾਲ ਕਿਸੇ ਧਰਮ ਦਾ ਪ੍ਰਚਾਰ ਜਾਂ ਪ੍ਰਸਾਰ ਨਹੀਂ ਹੁੰਦਾ ਜਨਤਾ ਜ਼ਰੂਰ ਪ੍ਰੇਸ਼ਾਨ ਹੁੰਦੀ ਹੈ। ਸਕੂਲ ਅਤੇ ਕਾਲਜਾਂ ਦੇ ਬੱਚਿਆਂ ਦੀ ਪ੍ਰੀਖਿਆ ਦੇ ਦਿਨ ਨੇੜੇ ਹਨ ਇਸ ਪਾਸੇ ਸਾਨੂੰ ਸਭ ਨੂੰ ਧਿਆਨ ਕਰਨਾ ਬਣਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly