ਪਿਆਰੇ ਬੱਚਿਓ ! ਤੁਸੀਂ ਆਪਣੇ ਆਲੇ – ਦੁਆਲੇ , ਰੁੱਖਾਂ ‘ਤੇ , ਸਕੂਲ ਵਿੱਚ , ਪਿੰਡ ਵਿੱਚ , ਖੇਤਾਂ ਵਿੱਚ ਅਤੇ ਆਪਣੇ ਨਾਨਕੇ – ਘਰ ਅਨੇਕਾਂ ਖ਼ੂਬਸੂਰਤ ਤੇ ਰੰਗ – ਬਿਰੰਗੇ ਪੰਛੀ ਜ਼ਰੂਰ ਦੇਖੇ ਹੋਣਗੇ। ਬੱਚਿਓ ! ਪੰਛੀ ਹਰ ਇੱਕ ਦੇ ਮਨ ਨੂੰ ਭਾਉਂਦੇ ਹਨ ਅਤੇ ਪੰਛੀਆਂ ਦੀਆਂ ਪਿਆਰੀਆਂ , ਸੁਰੀਲੀਆਂ ਤੇ ਮਨਮੋਹਕ ਆਵਾਜ਼ਾਂ ਸਾਨੂੰ ਬਹੁਤ ਚੰਗੀਆਂ ਲਗਦੀਆਂ ਹਨ। ਸੱਚਮੁੱਚ ਸਾਡੇ ਵਾਤਾਵਰਨ ਵਿੱਚ ਪੰਛੀਆਂ ਦੀ ਹੋਂਦ ਕੁਦਰਤ ਦੀ ਵਿਚਿੱਤਰਤਾ ਤੇ ਅਖੰਡਤਾ ਦੀ ਅਣਮੋਲ ਕ੍ਰਿਤੀ ਹੈ। ਬੱਚਿਓ !
ਅੱਜ ਅਸੀਂ ਤੁਹਾਨੂੰ ਆਲ੍ਹਣਿਆਂ ਦੇ ਕਾਰੀਗਰ ਪੰਛੀ ਬਿਜੜਾ ਬਾਰੇ ਜਾਣਕਾਰੀ ਦੇਵਾਂਗੇ। ਬਿਜੜੇ ਪੰਛੀ ਨੂੰ ਸੋਨ – ਚਿੜੀ , ਬਿਆ , ਵੀਵਰ ਬਰਡ ਆਦਿ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ। ਬਿਜੜੇ ਪੰਛੀ ਦਾ ਕੱਦ – ਕਾਠ ਘਰੇਲੂ ਚਿੜੀ ਜਿੰਨਾਂ ਹੁੰਦਾ ਹੈ। ਇਹ ਇੱਕ ਸਿਆਣਾ ਤੇ ਆਲ੍ਹਣੇ ਬਣਾਉਣ ਦਾ ਮਾਹਿਰ ਪੰਛੀ ਹੈ। ਬਿਜੜੇ ਦੀ ਲੰਬਾਈ ਲਗਪਗ ਪੰਦਰਾਂ ਸੈਂਟੀਮੀਟਰ ਤੇ ਭਾਰ ਘੱਟ ਹੁੰਦਾ ਹੈ। ਇਹ ਪੰਛੀ ਅਕਸਰ ” ਚਿੱਟ – ਚਿੱਟ , ਚਿੱਟ – ਚਿੱਟ ” ਦੀਆਂ ਆਵਾਜ਼ਾਂ ਕੱਢਦਾ ਹੈ।
ਇਸ ਦੀ ਚੁੰਝ ਤਿਕੋਣੀ ਤੇ ਪੂੰਛ ਛੋਟੀ ਚੌੜੀ ਹੁੰਦੀ ਹੈ। ਰੰਗ – ਰੂਪ ਚਿਡ਼ੀ ਵਰਗਾ ਤੇ ਕਈ ਵਾਰ ਪੀਲਾ – ਚਾਕਲੇਟੀ ਵੀ ਹੁੰਦਾ ਹੈ। ਬੱਚਿਓ ! ਬਿਜੜਾ ਪੰਛੀ ਕੀਟ – ਪਤੰਗੇ , ਕੀੜੇ ਤੇ ਫ਼ਸਲਾਂ ਦੇ ਦਾਣੇ ਆਦਿ ਖਾਂਦਾ ਹੈ। ਇਹ ਪੰਛੀ ਆਪਣਾ ਆਲ੍ਹਣਾ ਕਿੱਕਰਾਂ , ਬੇਰੀਆਂ , ਨਾਰੀਅਲਾਂ , ਖਜੂਰਾਂ ਦੇ ਰੁੱਖਾਂ , ਕਾਨਿਆਂ ਅਤੇ ਪਾਣੀ ਕਿਨਾਰੇ ਲਮਕਦੇ ਰੁੱਖਾਂ ‘ਤੇ ਬਣਾਉਂਦਾ ਹੈ। ਇਸ ਦਾ ਆਲ੍ਹਣਾ ਅਜਿਹੀ ਥਾਂ ‘ਤੇ ਹੁੰਦਾ ਹੈ , ਜਿੱਥੇ ਦਾਣਾ – ਪਾਣੀ ਮਿਲਣ ਵਿੱਚ ਸੌਖ ਹੋਵੇ। ਬਿਜੜਾ ਆਪਣਾ ਆਲ੍ਹਣਾ ਲੰਬੇ ਘਾਹ , ਨਾਰੀਅਲ ਦੇ ਪੱਤਿਆਂ , ਝੋਨੇ ਦੇ ਪੱਤਿਆਂ ਦੀਆਂ ਸਿਲਤਾਂ ਆਦਿ ਤੋਂ ਬਣਾਉਂਦਾ ਹੈ। ਇਸਦੇ ਆਲ੍ਹਣੇ ਸਪੇਰੇ ਦੀ ਬੀਨ ਵਰਗੇ ਹੁੰਦੇ ਹਨ।
ਆਲ੍ਹਣੇ ਬਣਾਉਣ ਦਾ ਕੰਮ ਨਰ ਬਿਜੜਾ ਪੰਛੀ ਹੀ ਕਰਦਾ ਹੈ। ਉਹ ਪਹਿਲਾਂ ਹੈਲਮਟ ਦੇ ਆਕਾਰ ਜਿਹੇ ਚਾਰ – ਪੰਜ ਅੱਧੇ – ਅਧੂਰੇ ਆਲ੍ਹਣੇ ਬਣਾ ਕੇ ਛੱਡ ਦਿੰਦਾ ਹੈ। ਫਿਰ ਬਾਅਦ ਵਿੱਚ ਮਾਦਾ – ਬਿਜੜਾ ਪੰਛੀ ਨੂੰ ਜਿਹੜਾ ਆਲ੍ਹਣਾ ਪਸੰਦ ਆ ਜਾਵੇ , ਨਰ – ਬਿਜੜਾ ਉਸੇ ਆਲ੍ਹਣੇ ਨੂੰ ਪੂਰਾ ਕਰਦਾ ਹੈ। ਇਸ ਨੇ ਆਪਣੇ ਆਲ੍ਹਣੇ ਵਿੱਚ ਗਿੱਲੀ ਮਿੱਟੀ ਦੀ ਢੇਲੀ ( ਡਲੀ ) ਰੱਖੀ ਹੋਈ ਹੁੰਦੀ ਹੈ ਤਾਂ ਜੋ ਤੇਜ਼ ਹਨ੍ਹੇਰੀ ਆਉਣ ‘ਤੇ ਆਲ੍ਹਣਾ ਸਥਿਰ ਅਵਸਥਾ ਵਿੱਚ ਰਹਿ ਸਕੇ।
ਇਸ ਦਾ ਆਲ੍ਹਣਾ ਬਹੁਤ ਮਜ਼ਬੂਤ ਹੁੰਦਾ ਹੈ । ਵਰਖਾ ਦੀ ਇੱਕ ਬੂੰਦ ਵੀ ਬਿਜੜੇ ਦੇ ਆਲ੍ਹਣੇ ਵਿੱਚ ਦਾਖ਼ਲ ਨਹੀਂ ਹੋ ਸਕਦੀ। ਇਸ ਦੇ ਆਲ੍ਹਣੇ ਵਿੱਚ ਘਾਹ ਆਦਿ ਦੀਆਂ ਲਗਪਗ ਤਿੰਨ ਹਜ਼ਾਰ ਤਿੜਾਂ ਲੱਗੀਆਂ ਹੁੰਦੀਆਂ ਹਨ। ਮਾਦਾ ਬਿਜੜਾ ਲਗਪਗ ਤਿੰਨ – ਚਾਰ ਅੰਡੇ ਦਿੰਦੀ ਹੈ। ਬੱਚਿਓ ! ਬਿਜੜਾ ਪੰਛੀ ਜ਼ਿਆਦਾਤਰ ਨਹਿਰਾਂ – ਨਦੀਆਂ ਦੇ ਕਿਨਾਰੇ , ਘਾਹ ਦੇ ਮੈਦਾਨਾਂ , ਖੇਤਾਂ , ਚਰੀ ਦੀ ਫ਼ਸਲ ਨਜ਼ਦੀਕ , ਸਰਕੜਿਆਂ , ਚਰਾਂਦਾਂ , ਕੰਡੇਦਾਰ ਤੇ ਉੱਚੇ ਦਰੱਖਤਾਂ ਆਦਿ ਦੇ ਕੋਲ ਦੇਖਿਆ ਜਾ ਸਕਦਾ ਹੈ। ਇਹ ਪੰਛੀ ਸਮੂਹ ਵਿੱਚ ਰਹਿਣਾ ਪਸੰਦ ਕਰਦਾ ਹੈ। ਇਸ ਪੰਛੀ ਦਾ ਆਲ੍ਹਣੇ ਬੁਣਨ ਦਾ ਢੰਗ ਤੇ ਸਲੀਕਾ ਦੂਜੇ ਪੰਛੀਆਂ ਨਾਲੋਂ ਬਹੁਤ ਹੀ ਵਧੀਆ ਤੇ ਉੱਤਮ ਦਰਜੇ ਦਾ ਹੁੰਦਾ ਹੈ। ਸਾਡੇ ਸੱਭਿਆਚਾਰ ਤੇ ਸਾਹਿਤ ਵਿੱਚ ਵੀ ਬਿਜੜੇ ਪੰਛੀ ਦਾ ਜ਼ਿਕਰ ਮਿਲ਼ਦਾ ਹੈ ।
ਕਹਿੰਦੇ ਹਨ ਕਿ ਮੁਗ਼ਲ ਬਾਦਸ਼ਾਹ ਅਕਬਰ ਦੇ ਸਮੇਂ ਮਦਾਰੀ ਲੋਕ ਬਿਜੜੇ ਪੰਛੀ ਨੂੰ ਮੁਹਾਰਤ ਦੇ ਕੇ ਕਈ ਤਰ੍ਹਾਂ ਦੇ ਰੰਗ – ਤਮਾਸ਼ੇ ਕਰਕੇ ਆਮ – ਜਨ ਦਾ ਮਨੋਰੰਜਨ ਕਰਦੇ ਹੁੰਦੇ ਸੀ। ਪਿਆਰੇ ਬੱਚਿਓ ! ਪੰਛੀ ਆਪਣੇ ਮਨਮੋਹਕ ਰੰਗ – ਰੂਪ ਤੇ ਸੁਰੀਲੀਆਂ ਆਵਾਜ਼ਾਂ ਸਦਕਾ ਸਾਡਾ ਮਨਪ੍ਰਚਾਵਾ ਤਾਂ ਕਰਦੇ ਹੀ ਹਨ , ਸਗੋਂ ਇਹ ਸਾਡੀਆਂ ਫ਼ਸਲਾਂ ਅਤੇ ਸਾਨੂੰ ਵੀ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਣ ਵਾਲੇ ਕੀੜੇ – ਮਕੌੜਿਆਂ ਤੋਂ ਬਚਾਉਂਦੇ ਹਨ ਅਤੇ ਕੁਦਰਤ ਦਾ ਸਮਤੋਲ ਬਣਾਈ ਰੱਖਦੇ ਹਨ। ਇਸ ਲਈ ਸਾਨੂੰ ਪੰਛੀਆਂ ਨੂੰ ਸਮੇਂ – ਸਮੇਂ ‘ਤੇ ਦਾਣਾ – ਪਾਣੀ ਚੋਗਾ ਆਦਿ ਪਾਉਂਦੇ ਰਹਿਣਾ ਚਾਹੀਦਾ ਹੈ।
ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਪੰਛੀ ਆਲ੍ਹਣੇ ਪਾ ਸਕਣ ਅਤੇ ਪੰਛੀਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਹਮੇਸ਼ਾਂ ਬਚਣਾ ਚਾਹੀਦਾ ਹੈ। ਬੱਚਿਓ ! ਪੰਛੀਆਂ ਦਾ ਸ਼ਿਕਾਰ ਆਦਿ ਵੀ ਕਦੇ ਨਹੀਂ ਕਰਨਾ ਚਾਹੀਦਾ। ਸਾਨੂੰ ਚਾਈਨਾ – ਡੋਰ ਆਦਿ ਨਾਲ ਪਤੰਗ ਵੀ ਨਹੀਂ ਉਡਾਉਣੇ ਚਾਹੀਦੇ ; ਕਿਉਂਕਿ ਇਹ ਡੋਰ ਸਾਡਾ ਅਤੇ ਪੰਛੀਆਂ ਦਾ ਵੀ ਨੁਕਸਾਨ ਕਰਦੀ ਹੈ।
ਸਾਨੂੰ ਆਪਣੇ ਖੇਤਾਂ ਵਿੱਚ ਵੱਧ ਅਤੇ ਬੇਲੋੜੀਆਂ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਤੇ ਫ਼ਸਲਾਂ ਅਤੇ ਪਰਾਲੀ ਦੀ ਨਾੜ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਾਗਜ਼ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ , ਤਾਂ ਜੋ ਰੁੱਖਾਂ ਦੀ ਕਟਾਈ ਘਟ ਸਕੇ। ਬੱਚਿਓ ! ਸਾਨੂੰ ਕੁਦਰਤੀ ਮਾਹੌਲ ਭਰਿਆ ਤੇ ਸਾਦਗੀ ਭਰਪੂਰ ਜੀਵਨ ਜੀਅ ਕੇ ਅਤੇ ਕੁਦਰਤ – ਪ੍ਰੇਮੀ ਬਣਕੇ ਆਪਣੇ ਵਾਤਾਵਰਨ ਤੇ ਪੰਛੀ – ਪਰਿੰਦਿਆਂ ਦੇ ਹਿਤੈਸ਼ੀ ਬਣਨਾ ਚਾਹੀਦਾ ਹੈ। ਉਮੀਦ ਹੈ , ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਪਸੰਦ ਆਈ ਹੋਵੇਗੀ ।
ਤੁਹਾਡਾ ਆਪਣਾ ,
ਲੇਖਕ ,
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ
9478561356.