(ਸਮਾਜ ਵੀਕਲੀ)
ਦੂਰਅੰਦੇਸ਼ੀ ਸੋਚ ਰੱਖਣਾ , ਲਿਖਣ ਕਲਾ ਵਿਚ ਮਾਹਿਰ ਹੋਣਾ , ਆਲਮੀ ਦਰਪੇਸ਼ ਸਮੱਸਿਆਵਾਂ ਤੋਂ ਜਾਣੂੰ ਹੋਣਾ ਤੇ ਲੋਕਾਈ ਨੂੰ ਭਵਿੱਖਤ ਸਮੱਸਿਆਵਾਂ ਤੋਂ ਸਮਾਂ ਰਹਿੰਦੇ ਸੁਚੇਤ ਕਰਨਾ , ਇਹ ਸਭ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੁੰਦਾ। ਸਗੋਂ ਇਹ ਸਭ ਕੁਦਰਤ ਵੱਲੋਂ ਪ੍ਰਾਪਤ ਰਹਿਮਤ ਹੀ ਹੁੰਦੀ ਹੈ ; ਕਿਉਂ ਜੋ ਹਰ ਕੋਈ ਇਨਸਾਨ ਅਜਿਹਾ ਕੁਝ ਨਹੀਂ ਕਰ ਸਕਦਾ।
ਮੈਂ ਅੱਜ ਗੱਲ ਕਰਦਾ ਹਾਂ ਨਵੀਂ ਪ੍ਰਕਾਸ਼ਿਤ ਹੋਈ ਪੁਸਤਕ ” ਗੱਲਾਂ ਚੌਗਿਰਦੇ ਦੀਆਂ ” ਦੀ। ਜਿਸ ਨੂੰ ਬਹੁਤ ਹੀ ਵਧੀਆ ਭਾਸ਼ਾਈ ਰੂਪ ਵਿੱਚ ਰੰਗ ਕੇ , ਅੰਕੜਿਆਂ , ਉਦਾਹਰਨਾਂ ਅਤੇ ਵਿਗਿਆਨਕ ਤੱਥਾਂ ਦੀ ਗੁੜ੍ਹਤੀ ਦੇ ਕੇ ਲਿਖਿਆ ਹੈ – ਅਜੋਕੇ ਨਵੇਂ ਨਰੋਏ , ਸੂਝਵਾਨ , ਬੁੱਧੀਜੀਵੀ , ਦੂਰਅੰਦੇਸ਼ੀ ਨੌਜਵਾਨ ਲੇਖਕ ਸ੍ਰੀ ਨਵਾਬ ਫੈਸਲ ਖਾਨ ਜੀ ਨੇ। ਉਨ੍ਹਾਂ ਨੇ ਜਿਸ ਢੰਗ ਨਾਲ ਤਰਤੀਬਤਾ , ਵਿਉਂਤਬੱਧਤਾ , ਗੋਂਦ ਅਤੇ ਰੌਚਿਕਤਾ ਇਸ ਪੁਸਤਕ ਵਿਚ ਸਮਾਹਿਤ ਕੀਤੀ ਹੈ ਤੇ ਮਾਨਵ ਨੂੰ ਭਵਿੱਖਤ ਖ਼ਤਰਿਆਂ ਤੋਂ ਤੱਥਾਂ ਸਮੇਤ ਅਤੇ ਵਿਗਿਆਨ ਦਾ ਸਹਾਰਾ ਲੈ ਕੇ ਜਾਣੂੰ ਤੇ ਸੁਚੇਤ ਕਰਵਾਇਆ ਹੈ , ਉਹ ਬਹੁਤ ਵੱਡੀ ਪ੍ਰਸ਼ੰਸਾ ਯੋਗ ਤੇ ਉੱਦਮ ਵਾਲੀ ਗੱਲ ਹੈ।
ਪੁਸਤਕ ” ਗੱਲਾਂ ਚੌਗਿਰਦੇ ਦੀਆਂ ” ਵਿੱਚ ਸ਼੍ਰੀ ਨਵਾਬ ਫੈਸਲ ਖਾਨ ਜੀ ਨੇ ਮਨੁੱਖ ਦੀ ਅਜੋਕੀ ਰਹਿਣੀ – ਬਹਿਣੀ , ਰੁੱਖਾਂ , ਪਲਾਸਟਿਕ , ਵਧਦੇ ਤਾਪਮਾਨ , ਦੀਪਾਂ , ਵੱਖ – ਵੱਖ ਪ੍ਰਜਾਤੀਆਂ , ਉਪਜ , ਅਰਥਵਿਵਸਥਾ , ਵਾਹਨਾ , ਸ਼ੁੱਧ ਵਾਤਾਵਰਨ , ਪੰਛੀਆਂ , ਜੈਵ – ਵਿਭਿੰਨਤਾ , ਆਕਾਸ਼ੀ ਕਚਰਾ , ਅੱਗਾ ਦੌੜ – ਪਿੱਛਾ ਚੌੜ ਦੀ ਸਥਿਤੀ , ਪਾਣੀ , ਸਮੁੰਦਰੀ ਗਿਆਨ , ਦੀਪ , ਜਲਗਾਹਾਂ ਦੀ ਮਹੱਤਤਾ , ਕੁਦਰਤ ਤੇ ਮਨੁੱਖ ਦੇ ਆਪਸੀ ਸਮਾਯੋਜਨ , ਵਧਦੀ ਜਨਸੰਖਿਆ , ਓਜ਼ੋਨ ਪਰਤ , ਕਿਸਾਨੀ, ਭਾਰਤ ਦੇਸ਼ ਦੀ ਮਹਾਨਤਾ ਅਤੇ ਧਰਤੀ ਆਦਿ ਵਿਸ਼ਿਆਂ ‘ਤੇ ਡੂੰਘਾਈ ਨਾਲ ਚਾਨਣਾ ਪਾ ਕੇ ਅਜੋਕੀ ਤੇ ਭਵਿੱਖਤ ਸਥਿਤੀ ‘ਤੇ ਬਹੁਤ ਹੀ ਵਧੀਆ ਤੇ ਗਿਆਨਮਈ ਢੰਗ ਨਾਲ ਇਸ ਪੁਸਤਕ ਵਿੱਚ ਰੋਸ਼ਨੀ ਪਾਈ ਹੈ।
ਲੇਖਕ ਸੱਚਮੁੱਚ ਵਾਤਾਵਰਣ , ਧਰਤੀ ਅਤੇ ਦਰਪੇਸ਼ ਕੁਦਰਤੀ ਸਮੱਸਿਆਵਾਂ ਤੋਂ ਚਿੰਤਤ ਹੈ ਤੇ ਇਸ ਪੁਸਤਕ ਰਾਹੀਂ ਪਾਠਕਾਂ ਅਤੇ ਆਮ – ਜਨ ਨੂੰ ਸੁਚੇਤ ਕਰ ਰਿਹਾ ਹੈ ਤਾਂ ਜੋ ਸਾਡਾ ਸਭ ਦਾ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਭਿਅੰਕਰ ਨਾ ਹੋ ਜਾਵੇ । ਪੁਸਤਕ ” ਗੱਲਾਂ ਚੌਗਿਰਦੇ ਦੀਆਂ ” ਦੇਸ਼ ਦੀ ਹਰ ਲਾਇਬਰੇਰੀ , ਹਰ ਘਰ ਤੇ ਹਰ ਸਕੂਲ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਭਵਿੱਖਤ ਭਿਅੰਕਰ ਸਮੱਸਿਆਵਾਂ ਤੋਂ ਬਚਣ ਲਈ ਸਮੇਂ ਸਿਰ ਜਾਗਰੂਕ ਹੋ ਕੇ ਆਪਣਾ ਸਹੀ ਯੋਗਦਾਨ ਪਾ ਸਕੀਏ , ਧਰਤੀ ਵਾਤਾਵਰਣ ਤੇ ਚੌਗਿਰਦੇ ਨੂੰ ਸ਼ੁੱਧ ਸ਼ਾਂਤ , ਹਰਾ – ਭਰਾ ਤੇ ਹਰ ਪ੍ਰਾਣੀ ਦੇ ਰਹਿਣਯੋਗ ਬਣਾਈ ਰੱਖੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੀਆ ਤੇ ਖ਼ੁਸ਼ਨੁਮਾ ਵਾਤਾਵਰਨ ਮੁਹੱਈਆ ਕਰਵਾ ਸਕੀਏ।
ਪੁਸਤਕ ” ਗੱਲਾਂ ਚੌਗਿਰਦੇ ਦੀਆਂ ” ਹਰ ਵਿਅਕਤੀ , ਵਿਦਿਆਰਥੀ , ਬੁੱਧੀਜੀਵੀ , ਲੇਖਕ , ਨੌਜਵਾਨ ਅਤੇ ਦੇਸ਼ ਦੇ ਹਰ ਨਾਗਰਿਕ ਲਈ ਬਹੁਤ ਹੀ ਵਧੀਆ ਗਿਆਨ ਦਾ ਸੋਮਾ ਪ੍ਰਦਾਨ ਕਰਦੀ ਹੈ ਅਤੇ ਵਾਤਾਵਰਣ ਸਬੰਧੀ ਸਹੀ ਸੇਧ ਦਿੰਦੀ ਹੈ ।
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356