ਪੈਰਿਸ (ਸਮਾਜਵੀਕਲੀ)– ਕਰੋਨਾਵਾਇਰਸ ਕਰਕੇ ਆਲਮੀ ਪੱਧਰ ’ਤੇ ਹੁਣ ਤਕ 38,466 ਵਿਅਕਤੀ ਮੌਤ ਦੇ ਮੂੰਹ ਜਾ ਪਏ ਹਨ। 185 ਮੁਲਕਾਂ ਤੇ ਰਿਆਸਤਾਂ ਦੇ 7.91 ਲੱਖ ਲੋਕਾਂ ਨੂੰ ਕਰੋਨਾਵਾਇਰਸ ਦੀ ਲਾਗ ਲਈ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਵਿੱਚੋਂ 1,63,300 ਵਿਅਕਤੀ ਇਸ ਲਾਗ ਤੋਂ ਉੱਭਰਨ ਮਗਰੋਂ ਮੁੜ ਸਿਹਤਯਾਬ ਹੋ ਗਏ ਹਨ। ਇਟਲੀ, ਜਿੱਥੇ ਫਰਵਰੀ ਵਿੱਚ ਪਹਿਲੀ ਮੌਤ ਹੋਈ ਸੀ, ਵਿੱਚ ਮੌਤਾਂ ਦਾ ਅੰਕੜਾ 11,591 ਹੋ ਗਿਆ ਹੈ।
ਮੁਲਕ ਵਿੱਚ ਅਜੇ ਵੀ ਇਕ ਲੱਖ ਤੋਂ ਵੱਧ ਲੋਕ ਲਾਗ ਦੇ ਘੇਰੇ ਵਿੱਚ ਹਨ ਤੇ 14,620 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲਾਂ ’ਚੋਂ ਛੁੱਟੀ ਮਿਲ ਗਈ ਹੈ। ਸਪੇਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 849 ਲੋਕ ਰੱਬ ਨੂੰ ਪਿਆਰੇ ਹੋ ਗਏ, ਹਾਲਾਂਕਿ ਹੁਣ ਤਕ 8,189 ਮੌਤਾਂ ਦਰਜ ਕੀਤੀਆਂ ਗਈਆਂ ਹਨ। ਚੀਨ ਵਿੱਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 81,518 ਕੇਸ ਹੈ। ਮੌਤਾਂ ਤੇ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ ਕ੍ਰਮਵਾਰ 3305 ਤੇ 76052 ਹੈ। ਚੀਨ, ਜੋ ਕਿ ਕਰੋਨਾਵਾਇਰਸ ਮਹਾਮਾਰੀ ਫੈਲਣ ਦਾ ਧੁਰਾ ਰਹੇ ਵੂਹਾਨ ਨੂੰ 8 ਅਪਰੈਲ ਤੋਂ ਖੋਲ੍ਹਣ ਦੀ ਤਿਆਰੀ ਖਿੱਚ ਚੁੱਕਾ ਹੈ, ਵਿੱਚ ਅੱਜ 48 ਸੱਜਰੇ ਕੇਸ ਸਾਹਮਣੇ ਆਏ ਹਨ। ਸੋਮਵਾਰ ਤੋਂ ਹੁਣ ਤਕ ਇਕ ਮੌਤ ਹੋਣ ਦੀ ਵੀ ਰਿਪੋਰਟ ਹੈ।
ਉਧਰ ਅਮਰੀਕਾ ਵਿੱਚ ਕਰੋਨਾਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਡੇਢ ਲੱਖ ਨੂੰ ਟੱਪ ਕੇ 1,64,610 ਹੋ ਗਈ ਹੈ। ਅਮਰੀਕਾ ਵਿੱਚ ਹੁਣ ਤਕ 3170 ਲੋਕ ਵਾਇਰਸ ਕਰਕੇ ਦਮ ਤੋੜ ਚੁੱਕੇ ਹਨ। ਵਾਇਰਸ ਤੋਂ ਉਭਰਨ ਵਾਲਿਆਂ ਦੀ ਗਿਣਤੀ 5764 ਹੈ। ਯੂਰੋਪ ਤੋਂ ਸਭ ਤੋਂ ਵੱਧ 27,740 ਮੌਤਾਂ ਰਿਪੋਰਟ ਹੋਈਆਂ ਹਨ।