ਡਾਕਟਰੀ ਸਹੂਲਤਾਂ ਨਾ ਮਿਲਣ ਕਾਰਨ ਤੜਫ਼ ਰਹੇ ਹਨ ਮਰੀਜ਼

ਬੋਹਾ (ਸਮਾਜਵੀਕਲੀ); ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਸਿੰਘ ਅਟਵਾਲ ਵੱਲੋਂ ਖੇਤਰ ਦੇ ਕਈ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਤਿਆਰ ਕੀਤੀ ਰਿਪੋਰਟ ਅਨੁਸਾਰ ਪਿੰਡਾਂ ਦੇ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹਨ ਪਰ ਕਰਫਿਊ ਕਾਰਨ ਉਹ ਆਪਣੇ ਇਲਾਜ ਲਈ ਨੇੜਲੇ ਸ਼ਹਿਰ ਜਾਣ ਤੋਂ ਡਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਆਂਡਿਆਂਵਾਲੀ ਵਿੱਚ ਅਜੈਬ ਸਿੰਘ ਦੀ ਪਤਨੀ ਲੱਤਾਂ ਦੇ ਦਰਦ ਕਾਰਨ ਤੜਪ ਰਹੀ ਹੈ ਪਰ ਕਰਫਿਊ ਕਾਰਨ ਪਰਿਵਾਰਕ ਮੈਂਬਰ ਉਸਨੂੰ ਨੇੜਲੇ ਸ਼ਹਿਰ ਲਿਜਾਉਣ ਤੋਂ ਅਸਮਰੱਥ ਹਨ।

ਉਨ੍ਹਾਂ ਕਿਹਾ ਕਿ ਆਮ ਬਿਮਾਰੀਆਂ ਤੋਂ ਪੀੜਤ ਕੁਝ ਮਰੀਜ਼ ਆਪਣੀਆਂ ਬਿਮਾਈਆਂ ਨੂੰ ਇਸ ਲਈ ਵੀ ਛੁਪਾ ਰਹੇ ਹਨ ਕਿ ਕਿਤੇ ਸਰਕਾਰ ਕਰੋਨਾਵਾਇਰਸ ਦੇ ਭੁਲੇਖੇ ਉਨ੍ਹਾਂ ਨੂੰ ਜਬਰੀ ਹਸਪਤਾਲ ਵਿੱਚ ਭਰਤੀ ਨਾ ਕਰ ਦੇਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਮੈਡੀਕਲ ਸਹੂਲਤਾਂ ਦੇਣ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਭਾਵੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਇਸ ਖੇਤਰ ਵਿੱਚ ਮਰੀਜ਼ਾਂ ਦੀ ਸੰਭਾਲ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ ਪਰ ਗੰਭੀਰ ਰੂਪ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਅਨਪੜ੍ਹਤਾ ਕਾਰਨ ਮਰੀਜ਼ ਨੂੰ ਇਲਾਜ ਵਾਸਤੇ ਬਾਹਰ ਲਿਜਾਣ ਲਈ ਕਰਫਿਊ ਪਾਸ ਬਣਾਉਣ ਦੇ ਤਰੀਕੇ ਤੋਂ ਵੀ ਅਣਜਾਣ ਹਨ।

Previous articleਆਲਮੀ ਪੱਧਰ ’ਤੇ ਮੌਤਾਂ ਦਾ ਅੰਕੜਾ 38 ਹਜ਼ਾਰ ਨੂੰ ਟੱਪਿਆ
Next articleਕਵਿਤਾ – ਸ਼ਹਿਰ  ਤੇਰਾ  ਅੱਜ  ਸੱਜਣਾ ਸਾਰਾ ……….