ਆਈਪੀਐੱਲ ਵਿੱਚ ਲਗਾਤਾਰ ਛੇ ਹਾਰਾਂ ਤੋਂ ਬਾਅਦ ਰੌਇਲ ਚੈਲੰਜਰਜ਼ ਬੰਗਲੌਰ ਦੀ ਟੀਮ ਨੇ ਮੁਹਾਲੀ ਦੇ ਪੀਸੀਏ ਸਟੇਡੀਅਮ ਵਿਖੇ ਹੋਏ ਬੇਹੱਦ ਦਿਲਚਸਪ ਮੁਕਾਬਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ ਅੱਠ ਵਿਕਟਾਂ ਨਾਲ ਹਰਾਕੇ ਆਪਣੀ ਟੀਮ ਨੂੰ ਜੇਤੂ ਲੀਹ ਉੱਤੇ ਚੜ੍ਹਾ ਲਿਆ। ਬੰਗਲੌਰ ਨੇ ਪੰਜਾਬ ਵੱਲੋਂ ਵੀਹ ਓਵਰਾਂ ਵਿੱਚ ਚਾਰ ਵਿਕਟਾਂ ਪਿੱਛੇ 173 ਦੌੜਾਂ ਦੇ ਦਿੱਤੇ ਗਏ ਟੀਚੇ ਨੂੰ ਸਿਰਫ਼ ਦੋ ਵਿਕਟਾਂ ਗੁਆਕੇ 19.2 ਓਵਰਾਂ ਵਿੱਚ ਪੂਰਾ ਕਰ ਲਿਆ। ਬੰਗਲੌਰ ਦੇ ਡਿਵੀਲੀਅਰਜ਼ ਦੀ 38 ਗੇਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਸਹਾਇਤਾ ਨਾਲ 58 ਦੌੜਾਂ ਦੀ ਨਾਬਾਦ ਪਾਰੀ ਅਤੇ ਸਟੋਨਿਸ ਦੀ 16 ਗੇਂਦਾਂ ਵਿੱਚ 28 ਦੌੜਾਂ ਦੀ ਪਾਰੀ ਨੇ ਬੰਗਲੌਰ ਦੀ ਜਿੱਤ ਵਿੱਚ ਯੋਗਦਾਨ ਪਾਇਆ। ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਕਪਤਾਨੀ ਪਾਰੀ ਖੇਡੀ ਅਤੇ ਅੱਠ ਚੌਕਿਆਂ ਦੀ ਸਹਾਇਤਾ ਨਾਲ 53 ਗੇਂਦਾਂ ਵਿੱਚ 67 ਦੌੜਾਂ ਬਣਾਈਆਂ। ਪੰਜਾਬ ਦੇ ਕ੍ਰਿਸ ਗੇਲ ਦੀ 99 ਦੌੜਾਂ ਦੀ ਨਾਬਾਦ ਪਾਰੀ ਵੀ ਕਿਸੇ ਕੰਮ ਨਹੀਂ ਆਈ ਤੇ ਪੰਜਾਬ ਦੇ ਕਿਸੇ ਵੀ ਹੋਰ ਬੱਲੇਬਾਜ਼ ਨੇ ਵੀਹ ਤੋਂ ਵੱਧ ਦੌੜਾਂ ਨਹੀਂ ਬਣਾਈਆਂ। ਪੰਜਾਬ ਦੇ ਗੇਂਦਬਾਜ਼ ਵੀ ਅੱਜ ਕੋਈ ਕਮਾਲ ਨਹੀਂ ਵਿਖਾ ਸਕੇ। ਸਿਰਫ਼ ਮੁਹੰਮਦ ਸ਼ਮੀ ਅਤੇ ਆਰ ਆਸ਼ਵਿਨ ਨੂੰ ਹੀ ਇੱਕ ਇੱਕ ਵਿਕਟ ਹਾਸਿਲ ਹੋਈ। ਇਸਤੋਂ ਪਹਿਲਾਂ ਰੌਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤਕੇ ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪੰਜਾਬ ਦੀ ਜਿੱਤ ਦੀ ਆਸ ਲਾਈ ਬੈਠੇ ਦਰਸ਼ਕਾਂ ਨੇ ਪੰਜਾਬ ਦੀ ਪਾਰੀ ਸਮੇਂ ਕ੍ਰਿਸ ਗੇਲ ਦੀ ਬੱਲੇਬਾਜ਼ੀ ਦਾ ਆਨੰਦ ਮਾਣਿਆ। ਪੰਜਾਬ ਦੀ ਟੀਮ ਦੀ ਸਹਿ ਮਾਲਕਣ ਪ੍ਰੀਤੀ ਜਿ਼ੰਟਾ ਵੀ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਦੀ ਰਹੀ। ਬੰਗਲੌਰ ਦੀ ਜਿੱਤ ਨਾਲ ਤੀਹ ਹਜ਼ਾਰ ਤੋਂ ਵੱਧ ਦਰਸ਼ਕਾਂ ਨਾਲ ਸਟੇਡੀਅਮ ਵਿੱਚ ਸੰਨਾਟਾ ਛਾ ਗਿਆ। ਦਰਸ਼ਕਾਂ ਨੇ ਕ੍ਰਿਸ ਗੇਲ ਤੇ ਵਿਰਾਟ ਕੋਹਲੀ ਦੇ ਨਾਮਾਂ ਵਾਲੀਆਂ ਟੀ ਸ਼ਰਟਾਂ ਦੀ ਭਰਵੀਂ ਖਰੀਦ ਕੀਤੀ।
Sports ਆਰਸੀਬੀ ਦੀ ਆਈਪੀਐੱਲ ਵਿੱਚ ਪਹਿਲੀ ਜਿੱਤ