- ਆਰਥਿਕ ਵਿਕਾਸ ਦਰ ਦੇ ਅਨੁਮਾਨਾਂ ਨੂੰ ਘਟਾਇਆ
- ਪ੍ਰਚੂਨ ਮਹਿੰਗਾਈ 6.7 ਫੀਸਦ ਰਹਿਣ ਦੀ ਪੇਸ਼ੀਨਗੋਈ ਨੂੰ ਕਾਇਮ ਰੱਖਿਆ
ਮੁੁੰਬਈ (ਸਮਾਜ ਵੀਕਲੀ): ਭਾਰਤੀ ਰਿਜ਼ਰਵ ਬੈਂਕ(ਆਰਬੀਆਈ) ਨੇ ਵਿਆਜ ਦਰਾਂ ਵਿੱਚ 50 ਬੁਨਿਆਦੀ ਅੰਕਾਂ ਦਾ ਵਾਧਾ ਕਰ ਦਿੱਤਾ ਹੈ। ਮਈ ਮਗਰੋਂ ਨੀਤੀਗਤ ਵਿਆਜ ਦਰਾਂ ਵਿੱਚ ਕੀਤਾ ਇਹ ਲਗਾਤਾਰ ਚੌਥਾ ਵਾਧਾ ਹੈ। ਕੇਂਦਰੀ ਬੈਂਕ ਦੇ ਇਸ ਫੈਸਲੇ ਨਾਲ ਘਰ, ਆਟੋ ਤੇ ਹੋਰ ਕਰਜ਼ਿਆਂ ਦੀਆਂ ਆਸਾਨ ਮਾਸਿਕ ਕਿਸ਼ਤਾਂ (ਈਐੱਮਆਈ) ਵਧ ਜਾਣਗੀਆਂ। ਮੁਦਰਾ ਨੀਤੀ ਕਮੇਟੀ (ਐੱਮਪੀਸੀ), ਜਿਸ ਵਿੱਚ ਤਿੰਨ ਮੈਂਬਰ ਆਰਬੀਆਈ ਤੇ ਤਿੰਨ ਮਾਹਿਰ ਬਾਹਰੋਂ ਹੁੰਦੇ ਹਨ, ਨੇ ਅਹਿਮ ਰੈਪੋ ਦਰ 5.90 ਫੀਸਦ ਕਰ ਦਿੱਤੀ ਹੈ। ਅਪਰੈਲ 2019 ਮਗਰੋਂ ਇਹ ਰੈਪੋ ਦਰ ਦਾ ਸਿਖਰਲਾ ਪੱਧਰ ਹੈ। ਵਿਆਜ ਦਰਾਂ ਵਿੱਚ ਵਾਧੇ ਦੇ ਫੈਸਲੇ ਨੂੰ ਮੈਂਬਰਾਂ ਨੇ 5-1 ਨਾਲ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਮੌਜੂਦਾ ਵਿੱਤੀ ਸਾਲ 2023 ਲਈ ਆਰਥਿਕ ਵਿਕਾਸ ਦਰ ਦੇ ਅਨੁਮਾਨਾਂ ਨੂੰ 7.2 ਫੀਸਦ ਤੋਂ ਘਟਾ ਕੇ 7 ਫੀਸਦ ਕਰ ਦਿੱਤਾ ਹੈ ਜਦੋਂਕਿ ਪ੍ਰਚੂਨ ਮਹਿੰਗਾਈ ਦਰ 6.7 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਕ ਬਿਆਨ ਵਿੱਚ ਕਿਹਾ, ‘‘ਐੱਮਪੀਸੀ ਨੇ ਰੈਪੋ ਦਰ 0.50 ਫੀਸਦ ਵਧਾ ਕੇ 5.9 ਫੀਸਦ ਕਰਨ ਦਾ ਫੈਸਲਾ ਲਿਆ ਹੈ। ਪ੍ਰਚੂਨ ਮਹਿੰਗਾਈ ਨੂੰ ਕਾਬੂ ਹੇਠ ਲਿਆਉਣ ਅਤੇ ਵੱਖ-ਵੱਖ ਦੇਸ਼ਾਂ ਦੇ ਕੇਂਦਰੀ ਬੈਂਕਾਂ ਦੀ ਵਿਆਜ ਦਰ ਵਿੱਚ ਭਾਰੀ ਵਾਧੇ ਨਾਲ ਪੈਦਾ ਹੋਣ ਵਾਲੇ ਦਬਾਅ ਤੋਂ ਨਿਪਟਣ ਲਈ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਹੈ।’’ ਰੈਪੋ ਉਹ ਦਰ ਹੈ ਜਿਸ ’ਤੇ ਕੇਂਦਰੀ ਬੈਂਕ, ਕਮਰਸ਼ੀਅਲ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਇਸ ਵਿੱਚ ਵਾਧੇ ਦਾ ਮਤਲਬ ਹੈ ਕਿ ਕਰਜ਼ਾ ਮਹਿੰਗਾ ਹੋਵੇਗਾ ਅਤੇ ਮੌਜੂਦਾ ਕਰਜ਼ੇ ਦੀ ਮਾਸਿਕ ਕਿਸ਼ਤ ਵਧੇਗੀ। ਇਹ ਚੌਥੀ ਵਾਰ ਹੈ ਜਦੋਂ ਨੀਤੀਗਤ ਦਰ ਵਿੱਚ ਵਾਧਾ ਕੀਤਾ ਗਿਆ ਹੈ। ਆਰਬੀਆਈ ਨੇ ਵਿੱਤੀ ਵਰ੍ਹੇ 2022-23 ਲਈ ਪ੍ਰਚੂਨ ਮਹਿੰਗਾਈ ਦਾ ਅਨੁਮਾਨ 6.7 ਫੀਸਦ ’ਤੇ ਬਰਕਰਾਰ ਰੱਖਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly