ਜਨਰਲ ਅਨਿਲ ਚੌਹਾਨ ਨੇ ਨਵੇਂ ਸੀਡੀਐੱਸ ਵਜੋਂ ਚਾਰਜ ਸੰਭਾਲਿਆ

 

  • ਕੌਮੀ ਜੰਗੀ ਯਾਦਗਾਰ ’ਤੇ ਸ਼ਹੀਦ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ (ਸਮਾਜ ਵੀਕਲੀ): ਪੂਰਬੀ ਕਮਾਨ ਦੇ ਸਾਬਕਾ ਕਮਾਂਡਰ ਜਨਰਲ ਅਨਿਲ ਚੌਹਾਨ (61) ਨੇ ਅੱਜ ਦੇਸ਼ ਦੇ ਦੂਜੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਦਾ ਚਾਰਜ ਸੰਭਾਲ ਲਿਆ ਹੈ। ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੇ ਤਾਮਿਲ ਨਾਡੂ ’ਚ ਹੈਲਕਾਪਟਰ ਹਾਦਸੇ ’ਚ ਦੇਹਾਂਤ ਮਗਰੋਂ ਇਹ ਅਹੁਦਾ ਪਿਛਲੇ 9 ਮਹੀਨਿਆਂ ਤੋਂ ਖਾਲੀ ਪਿਆ ਸੀ। ਉਨ੍ਹਾਂ ਸਾਹਮਣੇ ਫ਼ੌਜ ਦੇ ਤਿੰਨੋਂ ਅੰਗਾਂ ਵਿਚਕਾਰ ਤਾਲਮੇਲ ਅਤੇ ਥੀਏਟਰ ਕਮਾਨ ਨੂੰ ਤਿਆਰ ਕਰਨ ਦਾ ਟੀਚਾ ਹੈ ਤਾਂ ਜੋ ਦੇਸ਼ ਦੀਆਂ ਸੈਨਾਵਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਤਿਆਰ ਕੀਤਾ ਜਾ ਸਕੇ।

ਇਸ ਦੌਰਾਨ ਜਨਰਲ ਚੌਹਾਨ ਨੇ ਕਿਹਾ, ‘‘ਭਾਰਤੀ ਹਥਿਆਰਬੰਦ ਬਲਾਂ ਵਿੱਚ ਸਭ ਤੋਂ ਉੱਚੇ ਰੈਂਕ ਦੀ ਜ਼ਿੰਮੇਵਾਰੀ ਸੰਭਾਲਣ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਸੈਨਾ ਦੇ ਤਿੰਨੋਂ ਅੰਗਾਂ ਦੀਆਂ ਆਸਾਂ ’ਤੇ ਖਰਾ ਉਤਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰਾਂਗਾ।’’ ਸੀਡੀਐੱਸ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਜਨਰਲ ਚੌਹਾਨ ਨੇ ਇੰਡੀਆ ਗੇਟ ’ਤੇ ਕੌਮੀ ਜੰਗੀ ਯਾਦਗਾਰ ’ਤੇ ਦੇਸ਼ ਲਈ ਬਲੀਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਪਤਨੀ ਅਨੁਪਮਾ ਅਤੇ ਪਿਤਾ ਸੁਰਿੰਦਰ ਸਿੰਘ ਚੌਹਾਨ ਵੀ ਮੌਜੂਦ ਸਨ। ਜਨਰਲ ਚੌਹਾਨ ਨੂੰ ਰਾਇਸੀਨਾ ਹਿੱਲਸ ਵਿਖੇ ਸਾਊਥ ਬਲਾਕ ਦੇ ਲਾਅਨ ’ਚ ਤਿੰਨੋਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।

ਸਮਾਗਮ ਦੌਰਾਨ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ, ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਅਤੇ ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਐੱਸ ਐੱਨ ਘੋਰਮਾੜੇ ਵੀ ਮੌਜੂਦ ਸਨ। ਸੀਡੀਐੱਸ ਦਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਜਨਰਲ ਚੌਹਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਇਕ ਮੀਟਿੰਗ ਵੀ ਕੀਤੀ। ਚੀਨੀ ਮਾਮਲਿਆਂ ਦੇ ਮਾਹਿਰ ਵਜੋਂ ਜਾਣੇ ਜਾਂਦੇ ਜਨਰਲ ਚੌਹਾਨ ਦੀ ਸਿਖਰਲੇ ਅਹੁਦੇ ’ਤੇ ਉਸ ਸਮੇਂ ਨਿਯੁਕਤੀ ਹੋਈ ਹੈ ਜਦੋਂ ਪੂਰਬੀ ਲੱਦਾਖ ’ਚ ਸਰਹੱਦ ’ਤੇ ਭਾਰਤ ਅਤੇ ਚੀਨੀ ਫ਼ੌਜ ਵਿਚਕਾਰ ਤਣਾਅ ਚਲ ਰਿਹਾ ਹੈ। ਜਨਰਲ ਚੌਹਾਨ ਮਿਲਟਰੀ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਉਣਗੇ। ਉਹ ਪਿਛਲੇ ਸਾਲ 31 ਮਈ ਨੂੰ ਪੂਰਬੀ ਆਰਮੀ ਕਮਾਂਡਰ ਵਜੋਂ ਸੇਵਾਮੁਕਤ ਹੋਏ ਸਨ। ਰਿਟਾਇਰਮੈਂਟ ਤੋਂ ਬਾਅਦ ਉਹ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ’ਚ ਮਿਲਟਰੀ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ 0.50 ਫੀਸਦ ਦਾ ਵਾਧਾ
Next articleਮਿਸ਼ਨ ਗੁਜਰਾਤ: ਚੋਣਾਂ ’ਚ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਕਰਨਗੇ ਪ੍ਰਚਾਰ