(ਸਮਾਜ ਵੀਕਲੀ)
ਭਾਰਤ ਵਿੱਚ ਜਦੋਂ ਤੋਂ ਕਰੋਨਾ ਨੇ ਦਸਤਕ ਦਿੱਤੀ ਹੈ ਉਦੋਂ ਤੋਂ ਹੀ ਸਮੁੱਚੇ ਭਾਰਤ ਵਿੱਚ ਵਿੱਦਿਅਕ ਸੰਸਥਾਵਾਂ ਬੰਦ ਪਈਆਂ ਹਨ । ਜਿਸ ਨਾਲ ਪੜ੍ਹਾਈ ਦੇ ਖੇਤਰ ਵਿੱਚ ਹਰ ਵਰਗ ਆਪਣੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਫ਼ਿਕਰਮੰਦ ਹੈ । ਜਿਸ ਨਾਲ ਸਮੁੱਚੀ ਦੁਨੀਆਂ ਦੇ ਵਿੱਚ ਨਿਰਾਸ਼ਾ ਦਾ ਆਲਮ ਸ਼ਰੇਆਮ ਝਲਕ ਰਿਹਾ ਹੈ । ਸਿਆਣੇ ਕਹਿੰਦੇ ਹਨ ਜੇ ਮਾੜਾ ਸਮਾਂ ਹੋਵੇ ਤਾਂ ਤੁਸੀਂ ਸਬਰ ਕਰੋ ਕਿਉਂਕਿ ਉਸ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲ ਜਾਂਦਾ ਹੈ ।
ਉਸੇ ਪ੍ਰਕਾਰ ਹੀ ਪੰਜਾਬ ਸਿੱਖਿਆ ਵਿਭਾਗ ਦੁਆਰਾ ਆਨਲਾਈਨ ਪੜ੍ਹਾਈ ਵਿੱਚ ਨਵੇਂ ਹੀ ਮੁਕਾਮ ਦੀ ਤਰਜ਼ ਪੇਸ਼ ਕੀਤੀ ਗਈ ਹੈ। ਜਿਸ ਨਾਲ ਆਨਲਾਈਨ ਸਿੱਖਿਆ ਵਿੱਚ ਕ੍ਰਾਂਤੀਕਾਰੀ ਕਦਮ ਸਾਬਤ ਹੋ ਰਿਹਾ ਹੈ । ਅੱਜ ਆਨਲਾਈਨ ਸਿੱਖਿਆ ਨੇ ਸਾਡੀ ਪੜ੍ਹਾਈ ਨੂੰ ਸਮੇਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ । ਕਰੋਨਾ ਦੇ ਕਾਰਨ ਪੰਜਾਬ ਸਿੱਖਿਆ ਵਿਭਾਗ ਵਿੱਚ ਇੱਕ ਅਜਿਹਾ ਤਕਨੀਕੀ ਯੁੱਗ ਜੁੜ ਗਿਆ ਹੈ । ਜੋ ਕਈ ਸਦੀਆਂ ਤੱਕ ਆਬਾਦ ਰਹੇਗਾ,ਜਿਸ ਨਾਲ ਸਿੱਖਿਆ ਭਾਗ ਵਿੱਚ ਆਉਣ ਵਾਲੇ ਕਈ ਸਾਲਾਂ ਤੱਕ ਤਕਨੀਕ ਇੱਕ ਆਪਣਾ ਅਹਿਮ ਹਿੱਸਾ ਰੱਖੇਗੀ ।
ਇਸ ਦੌਰਾਨ ਸਿੱਖਿਆ ਵਿਭਾਗ ਨੂੰ ਹੀਰੋ ਦੇ ਰੂਪ ਵਿੱਚ ਅਜਿਹੇ ਅਧਿਆਪਕ ਵੀ ਮਿਲੇ ਹਨ,ਜੋ ਸ਼ਾਇਦ ਅੱਜ ਤੱਕ ਪਰਦੇ ਦੇ ਪਿੱਛੇ ਸਨ, ਜੋ ਸਿੱਖਿਆ ਵਿਭਾਗ ਲਈ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲੀ ਸਿੱਖਿਆ ਨੂੰ ਚਾਰ ਚੰਨ ਲਾਉਣਗੇ ਤਕਨੀਕੀ ਪੱਖਾਂ ਤੋਂ । ਪਰ ਗੱਲ ਇਥੇ ਇਹ ਵੀ ਹੁਣ ਸੋਚਣ ਵਾਲੀ ਹੈ ,ਕਿ ਉਨ੍ਹਾਂ ਬੁੱਧੀਜੀਵੀਆਂ ਦੀ ਕਲਮ ਕਿਉਂ ਨਹੀਂ ਚੱਲ ਰਹੀ,ਜਿਹੜੇ ਹਮੇਸ਼ਾ ਹੀ ਸਰਕਾਰੀ ਸਕੂਲਾਂ ਦੀ ਸਿੱਖਿਆ ਤੇ ਉਗਲਾਂ ਚੁੱਕਦੇ ਆਏ ਹਨ। ਪਿਛਲੇ ਕਈ ਸਾਲਾਂ ਦੀ ਅਧਿਆਪਕਾਂ ਦੀ ਮਿਹਨਤ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਇੱਕ ਅਜਿਹੇ ਮੁਕਾਮ ਤੇ ਖੜ੍ਹਾ ਕਰ ਦਿੱਤਾ ਹੈ, ਜਿਸ ਨੇ ਸਰਕਾਰੀ ਸਕੂਲਾਂ ਪ੍ਰਤੀ ਰੂੜੀਵਾਦੀ ਵਿਚਾਰਧਾਰਾ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਅੱਜ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਆਨਲਾਈਨ ਸਿੱਖਿਆ ਵਿੱਚ ਇੱਕ ਅਜਿਹਾ ਪ੍ਰਤੀਬਿੰਬ ਸਥਾਪਤ ਕੀਤਾ ਹੈ, ਜਿਸ ਨੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਖੁੱਡੇ ਲੈਣ ਵਿੱਚ ਲਾ ਦਿੱਤਾ ਹੈ । ਪਿਛਲੇ ਸਾਲਾਂ ਨਾਲੋਂ ਇਸ ਵਰ੍ਹੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਵਧੀ ਗਿਣਤੀ ਨੇ ਪਿਛਲੇ ਰਿਕਾਰਡ ਵੀ ਤੋੜੇ ਹਨ । ਅੱਜ ਸਰਕਾਰੀ ਸਕੂਲ ਦਾ ਬੱਚਾ ਘਰ ਬੈਠੇ ਸਭ ਕੁਝ ਸਿੱਖ ਰਿਹਾ ਹੈ । ਕਰੋਨਾ ਕਾਲ ਦੌਰਾਨ ਸਰਕਾਰੀ ਸਕੂਲਾਂ ਨੇ ਆਪਣੀ ਕਾਮਯਾਬੀ ਨੂੰ ਸਮਾਜ ਵਿੱਚ ਅਜਿਹੇ ਰੂਪ ਵਿੱਚ ਵੀ ਪੇਸ਼ ਕੀਤਾ ਹੈ ਜਿਸ ਤੋਂ ਲੋਕ ਪ੍ਰਭਾਵਿਤ ਹੋ ਕੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਵਾਪਸ ਲੈ ਕੇ ਆਏ ਹਨ ।
ਇਸ ਮੁਸ਼ਕਿਲ ਘੜੀ ਵਿੱਚ ਜਿੱਥੇ ਅਧਿਆਪਕਾਂ ਨੂੰ ਘਰ ਘਰ ਵਿੱਚ ਕਰੋਨਾ ਤੋਂ ਬਚਣ ਲਈ ਪੰਜਾਬ ਸਰਕਾਰ ਦਾ ਮਿਸ਼ਨ ਫ਼ਤਹਿ ਨੂੰ ਵੀ ਪੂਰਾ ਕਰ ਰਹੇ ਹਨ, ਲੋਕਾਂ ਨੂੰ ਕਰੋਨਾ ਬਿਮਾਰੀ ਪ੍ਤੀ ਜਾਗਰੂਕ ਵੀ ਕਰ ਰਹੇ ਹਨ। ਇਸ ਮੁਸ਼ਕਿਲ ਘੜੀ ਵਿੱਚ ਹਰ ਅਧਿਆਪਕ ਨੇ ਆਪਣੀ ਜਿੰਦ ਜਾਨ ਲਾ ਕੇ ਆਪਣੇ ਸਕੂਲਾਂ ਪ੍ਰਤੀ ਸਿੱਖਿਆ ਨੂੰ ਪੂਰੀ ਤਰ੍ਹਾਂ ਨਾਲ ਆਬਾਦ ਰੱਖਿਆ ਹੈ, ਅਤੇ ਹਰ ਬੱਚੇ ਦੀ ਹਰ ਪੱਖੋਂ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਹੈ । ਸਿੱਖਿਆ ਵਿਭਾਗ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਅਧਿਆਪਕਾਂ ਨੂੰ ਮਾਨ ਸਨਮਾਨ ਦੇਣ ਪੱਖੋਂ ਪਿੱਛੇ ਨਹੀਂ ਹੱਟਿਆ ਉਨ੍ਹਾਂ ਨੇ ਵੀ ਸਮੇਂ ਸਮੇਂ ਤੇ ਹਰ ਅਧਿਆਪਕ ਨੂੰ ਉਸ ਦੀ ਪ੍ਰਸੰਸਾ ਦੇ ਆਧਾਰ ਤੇ ਉਸ ਦੇ ਕੰਮਾਂ ਦੇ ਆਧਾਰ ਤੇ ਉਨ੍ਹਾਂ ਨੂੰ ਸਨਮਾਨ ਪੱਤਰ ਵੀ ਦਿੱਤੇ ਗਏ ਹਨ ਜੋ ਇੱਕ ਬਹੁਤ ਵਧੀਆ ਅਤੇ ਬਹੁਤ ਹੀ ਚੰਗਾ ਕਦਮ ਹੈ ।
ਉਹ ਕੌਮਾਂ ਸਦਾ ਹੀ ਆਜ਼ਾਦ ਰਹਿੰਦੀਆਂ ਹਨ ਜਿਸ ਕੌਮ ਦੇ ਹੀਰੇ ਸੰਜੀਦਗੀ ਅਤੇ ਔਖੇ ਸੌਖੇ ਰਾਹਾਂ ਨਾਲ ਤੁਰਨ ਦਾ ਹੌਸਲਾ ਰੱਖਦੇ ਹੋਣ । ਕਰੋਨਾ ਦੇ ਚਲੇ ਜਾਣ ਤੋਂ ਬਾਅਦ ਜਦੋਂ ਵੀ ਸਕੂਲ ਖੁੱਲ੍ਹਣਗੇ ਤਾਂ ਸਕੂਲਾਂ ਵਿੱਚ ਇੱਕ ਵੱਖਰਾ ਹੀ ਮਾਹੌਲ ਵੇਖਣ ਨੂੰ ਮਿਲੇਗਾ ਕਿਉਂਕਿ ਉਸ ਸਮੇਂ ਸਾਡੇ ਬੱਚੇ ਤਕਨੀਕੀ ਪੱਖ ਤੋਂ ਵੀ ਪੂਰੇ ਹੁੰਦੇ ਹੋਏ ਨਜ਼ਰ ਆਉਣਗੇ । ਉੱਥੇ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਸਿੱਖਿਆ ਭਾਗ ਵੱਲੋਂ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਜਨਮ ਦਿਵਸ ਸੰਬੰਧੀ ਆਨਲਾਈਨ ਮੁਕਾਬਲਿਆਂ ਨੇ ਇੱਕ ਅਜਿਹੀ ਰੁਚੀ ਪੈਦਾ ਕੀਤੀ ਹੈ ਕਿ ਬੱਚਿਆਂ ਅੰਦਰ ਛੁਪੀ ਕਲਾ ਬਹੁਤ ਹੀ ਵਧੀਆ ਤਰੀਕੇ ਨਾਲ ਬਾਹਰ ਆ ਰਹੀ ਹੈ ,ਇਸ ਇਨ੍ਹਾਂ ਮੁਕਾਬਲੇ ਵਿੱਚ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਾਮਲ ਹਿੱਸਾ ਲੈ ਰਹੇ ਹਨ ਅਤੇ ਬੱਚੇ ਕੈਮਰੇ ਦੇ ਸਾਹਮਣੇ ਬੋਲਣ ਦੀ ਵੀ ਹਿੰਮਤ ਰੱਖ ਰਹੇ ਹਨ ਜਿਸ ਨਾਲ ਸਾਡੇ ਬੱਚੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਨਿਕਲ ਕੇ ਅੱਗੇ ਆਉਣਗੇ ,ਜੋ ਸਾਡੀ ਸਿੱਖਿਆ ਨੂੰ ਚਾਰ ਚੰਨ ਵੀ ਲਾਉਣਗੇ ਅਤੇ ਅਸੀਂ ਮਾਣ ਨਾਲ ਕਹਿ ਸਕਾਂਗੇ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਹਨ ।
ਅੱਜ ਸਕੂਲ ਬੰਦ ਹੋ ਸਕਦੇ ਹਨ ਪਰ ਬੱਚਿਆਂ ਦੀ ਪੜ੍ਹਾਈ ਨਿਰੰਤਰ ਹੀ ਜਾਰੀ ਹੈ ,ਪੰਜਾਬ ਪ੍ਰਾਪਤੀ ਸਰਵੇਖਣ ਦੇ ਟੈਸਟ ਲਈ ਵੀ ਅਧਿਆਪਕ ਨਿਰੰਤਰ ਹੀ ਆਪਣੇ ਬੱਚਿਆਂ ਨਾਲ ਜੁੜੇ ਹੋਏ ਹਨ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣੇਗਾ ।
ਅਧਿਆਪਕ ਗੁਰਪ੍ਰੀਤ ਸਿੰਘ ਸੰਧੂ
ਸਰਕਾਰੀ ਪ੍ਰਾਇਮਰੀ ਸਕੂਲ ਤਰਿੱਡਾਂ
ਬਲਾਕ ਮਮਦੋਟ ।
ਜਿਲਾਂ ਫਿਰੋਜ਼ਪੁਰ
99887 66013