ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਦਾ ਨਵੇਂ ਵਾਅਦਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਭਾਜਪਾ ਨੂੰ ਬੁੱਧਵਾਰ ਦੁਪਹਿਰ ਇਕ ਵਜੇ ਤਕ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨਣ ਦੀ ਚੁਣੌਤੀ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਜੇਕਰ ਨਿਰਧਾਰਿਤ ਮਿਆਦ ਅੰਦਰ ਮੁੱਖ ਮੰਤਰੀ ਉਮੀਦਵਾਰ ਦਾ ਨਾਂ ਐਲਾਨ ਦਿੰਦੀ ਹੈ ਤਾਂ ਉਹ ਉਸ ਨਾਲ ਕਿਸੇ ਵੀ ਮੰਚ ’ਤੇ ਬਹਿਸ ਕਰਨ ਲਈ ਤਿਆਰ ਹਨ। ਉਧਰ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਕੌਮੀ ਰਾਜਧਾਨੀ ਵਿੱਚ ਮਿਆਰੀ ਸਿੱਖਿਆ, ਸਿਹਤ, ਸਾਫ਼ ਪਾਣੀ, 24 ਘੰਟੇ ਬਿਜਲੀ ਤੇ ਸਰਕਾਰੀ ਸਕੂਲਾਂ ਵਿੱਚ ‘ਦੇਸ਼ਭਗਤੀ ਅਧਾਰਿਤ ਪਾਠਕ੍ਰਮ’ ਜਿਹੇ ਮੁੱਦਿਆਂ ਦੁਆਲੇ ਕੇਂਦਰਤ ਰੱਖਿਆ ਗਿਆ ਹੈ। ਪਾਰਟੀ ਨੇ ਜਨ ਲੋਕਪਾਲ ਬਿੱਲ ਲਿਆਉਣ ਤੇ ਬਜ਼ੁਰਗਾਂ ਨੂੰ ‘ਤੀਰਥ ਯਾਤਰਾ’ ਜਿਹੇ ਕਈ ਵਾਅਦੇ ਕੀਤੇ ਹਨ। ਮੈਨੀਫੈਸਟੋ ਰਿਲੀਜ਼ ਕਰਨ ਮੌਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਸੰਜੇ ਸਿੰਘ, ਗੋਪਾਲ ਰਾਇ ਤੇ ਪੰਕਜ ਗੁਪਤਾ ਤੇ ਹੋਰ ਆਗੂ ਮੌਜੂਦ ਸਨ।
ਦਿੱਲੀ ਸਰਕਾਰ ’ਚ ਕਿਰਤ ਮੰਤਰੀ ਗੋਪਾਲ ਰਾਏ ਨੇ ਮੈਨੀਫੈਸਟੋ ਨੂੰ ‘28 ਨੁਕਤਿਆਂ ਵਾਲਾ ਗਾਰੰਟੀ ਕਾਰਡ’ ਦੱਸਿਆ। ਮੈਨੀਫੈਸਟੋ ਵਿੱਚ ਜੋ ਵਾਅਦੇ ਕੀਤੇ ਗਏ ਹਨ ਉਨ੍ਹਾਂ ਵਿੱਚ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ, ਔਰਤਾਂ ਨੂੰ ਘਰ ‘ਚ ਕੰਮ ਕਰਨ ਦੀ ਸਹੂਲਤ, ਫੜੀ ਵਾਲਿਆਂ ਨੂੰ ਕਾਨੂੰਨੀ ਸੁਰੱਖਿਆ, ਕਲੋਨੀਆਂ ਪੱਕੀਆਂ ਕਰਨਾ, ਨਵੇਂ ਸਫ਼ਾਈ ਮੁਲਾਜ਼ਮ ਭਰਤੀ ਕਰਨ ਦੇ ਵਾਅਦੇ ਨਾਲ ਦਿੱਲੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ’ਚ ਪਾਇਲਟ ਪ੍ਰਾਜੈਕਟ ਤਹਿਤ ਕੁਝ ਅਜਿਹੇ ਬਾਜ਼ਾਰ ਵਿਕਸਤ ਕੀਤੇ ਜਾਣਗੇ, ਜੋ 24 ਘੰਟੇ ਖੁੱਲ੍ਹੇ ਰਹਿਣਗੇ। ਦੁਕਾਨਾਂ, ਦਫ਼ਤਰ ਤੇ ਰੇਸਤਰਾਂ ਆਦਿ 24 ਘੰਟੇ ਖੁੱਲ੍ਹੇ ਰਹਿਣਗੇ। ਪਾਰਟੀ ਨੇ ਮੈਨੀਫੈਸਟੋ ਜਨ ਲੋਕਪਾਲ ਤੇ ਸਵਰਾਜ ਬਿੱਲ ਲਿਆਉਣ ਦਾ ਵਾਅਦਾ ਵੀ ਕੀਤਾ ਹੈ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਮੈਨੀਫੈਸਟੋ ਜ਼ਰੀਏ ਦਿੱਲੀ ਨੂੰ ਆਧੁਨਿਕ ਦਿੱਲੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ। ‘ਆਪ’ ਨੇ ਵਾਅਦਾ ਕੀਤਾ ਕਿ ਦਿੱਲੀ ਸਰਕਾਰ ਵੱਲੋਂ ਸਕੂਲਾਂ ’ਚ ‘ਦੇਸ਼ ਭਗਤੀ ਦਾ ਪਾਠਕ੍ਰਮ’ ਵੀ ਪੇਸ਼ ਕੀਤਾ ਜਾਵੇਗਾ। ਦਿੱਲੀ ਦੇ ਹਰ ਬੱਚੇ ਲਈ ਚੰਗੀ ਸਕੂਲ ਸਿੱਖਿਆ ਦੀ ਗਾਰੰਟੀ, ਦਿੱਲੀ ਦੇ ਵਿਅਕਤੀਆਂ ਲਈ ਸਿਹਤਮੰਦ ਰਹਿਣ ਦੀ ਗਾਰੰਟੀ, ਹਰੇਕ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਗਾਰੰਟੀ, ਘਰ-ਘਰ 24 ਘੰਟੇ ਪਾਣੀ ਪਹੁੰਚਾਉਣ ਦੀ ਗਾਰੰਟੀ, 24 ਘੰਟੇ ਬਿਜਲੀ ਤੇ 200 ਯੂਨਿਟ ਮੁਫਤ, ਪ੍ਰਦੂਸ਼ਣ ਦੇ ਪੱਧਰ ਨੂੰ ਇਕ ਤਿਹਾਈ ਤੱਕ ਕਰਨਾ, ਸਾਫ਼ ਯਮੁਨਾ, ਸੀਸੀਟੀਵੀ, ਸਟਰੀਟ ਲਾਈਟਾਂ ਤੇ ਮਾਰਸ਼ਲ, ਕੱਚੀਆਂ ਕਲੋਨੀਆਂ ਨੂੰ ਪੱਕਾ ਕਰਨਾ ਸ਼ਾਮਲ ਹੈ।
ਸ੍ਰੀ ਕੇਜਰੀਵਾਲ ਨੇ ਭਾਜਪਾ ਨੂੰ ਮੁੱਖ ਮੰਤਰੀ ਉਮੀਦਵਾਰ ਦਾ ਨਾਮ ਐਲਾਨਣ ਦੀ ਚੁਣੌਤੀ ਦਿੰਦਿਆਂ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਪਾਰਟੀ ਨੂੰ ਵੋਟ ਨਾ ਪਾਉਣ, ਜਿਸ ਦੇ ਮੁੱਖ ਮੰਤਰੀ ਉਮੀਦਵਾਰ ਦਾ ਫੈਸਲਾ ਚੋਣਾਂ ਮਗਰੋਂ ਜਾਂ ਫਿਰ ਕਿਸੇ ਹੋਰ ਦੇ ਹੱਥ ਹੋਵੇ। ਉਨ੍ਹਾਂ ਕਿਹਾ ਕਿ ਉਹ ਚੋਣ ਮੈਨੀਫੈਸਟੋ ਸਮੇਤ ਹੋਰ ਮੁੱਦਿਆਂ ’ਤੇ ਭਾਜਪਾ ਦੇ ਸੀਐੱਮ ਉਮੀਦਵਾਰ ਨਾਲ ਜਨਤਕ ਬਹਿਸ ਕਰਨਾ ਚਾਹੁੰਦੇ ਹਨ।
HOME ‘ਆਪ’ ਵੱਲੋਂ ਭਾਜਪਾ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਣ ਦੀ ਚੁਣੌਤੀ