ਕੇਰਲਾ ਦੀਆਂ ਰਾਜ ਸਭਾ ਚੋਣਾਂ ਮੁਲਤਵੀ ਕਰਨ ਦਾ ਫ਼ੈਸਲਾ ਗ਼ੈਰਸੰਵਿਧਾਨਕ: ਯੇਚੁਰੀ

ਤਿਰੂਵਨੰਤਪੁਰਮ  (ਸਮਾਜ ਵੀਕਲੀ) : ਸੀਪੀਆਈ (ਐੱਮ) ਦੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ ਨੇ ਕੇਰਲਾ ’ਚ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਚੋਣਾਂ ਮੁਲਤਵੀ ਕਰਨ ਦੇ ਚੋਣ ਕਮਿਸ਼ਨ ਦੇ ਫ਼ੈਸਲੇ ’ਤੇ ਅੱਜ ਸ਼ੱਕ ਜ਼ਾਹਿਰ ਕੀਤਾ ਅਤੇ ਇਸ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੱਤਾ।

ਖੱਬੀਆਂ ਪਾਰਟੀਆਂ ਲਈ ਕੇਰਲਾ ’ਚ ਚੋਣ ਪ੍ਰਚਾਰ ਕਰਨ ਗਏ ਯੇਚੁਰੀ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਫ਼ੈਸਲਾ ਰਾਜ ਸਭਾ ’ਚ ਕੇਰਲਾ ਨੂੰ ਨੁਮਾਇੰਦਿਗੀ ਦੇਣ ਤੋਂ ਇਨਕਾਰ ਕਰਨ ਵਰਗਾ ਹੈ। ਕੇਂਦਰ ਵੱਲੋਂ ਕੁਝ ਮੁੱਦੇ ਚੁੱਕੇ ਜਾਣ ਮਗਰੋਂ ਕਮਿਸ਼ਨ ਨੇ ਰਾਜ ਸਭਾ ਦੀਆਂ ਤਿੰਨ ਸੀਟਾਂ ’ਤੇ ਚੋਣਾਂ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਸੀ। ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਯੇਚੁਰੀ ਨੇ ਕਿਹਾ ਕਿ ਸਰਕਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਕੇਰਲਾ ’ਚ ਇਨ੍ਹਾਂ ਦੀ ਵਰਤੋਂ ਨਾਜਾਇਜ਼ ਢੰਗ ਨਾਲ ਮਿੱਥ ਕੇ ਕੀਤੀ ਜਾ ਰਹੀ ਹੈ। ਕੇਰਲਾ ਸਰਕਾਰ ਵੱਲੋਂ ਈਡੀ ਵਿਰੁੱਧ ਨਿਆਂਇਕ ਜਾਂਚ ਦੇ ਸੁਝਾਅ ਦੇ ਫ਼ੈਸਲੇ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਬਾਰੇ ਯੇਚੁਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਨੂੰ ਸੰਵਿਧਾਨ ਮੁੜ ਤੋਂ ਪੜ੍ਹਨਾ ਚਾਹੀਦਾ ਹੈ।

ਯੇਚੁਰੀ ਨੇ ਕਿਹਾ, ‘ਮਾਨਯੋਗ ਰੱਖਿਆ ਮੰਤਰੀ ਜੀ ਨੂੰ ਮੁੜ ਤੋਂ ਸੰਵਿਧਾਨ ਪੜ੍ਹਨਾ ਚਾਹੀਦਾ ਹੈ। ਕੋਈ ਵੀ ਕੇਂਦਰੀ ਏਜੰਸੀ ਸੂਬਾ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਸੂਬੇ ’ਚ ਦਖਲ ਨਹੀਂ ਦੇ ਸਕਦੀ ਅਤੇ ਜੇਕਰ ਸਬੰਧਤ ਸੂਬਾ ਇਜਾਜ਼ਤ ਨਹੀਂ ਦਿੰਦਾ ਤਾਂ ਉਸ ਨੂੰ ਅਦਾਲਤ ਕੋਲ ਜਾਣਾ ਚਾਹੀਦਾ ਹੈ।’ ਕਾਂਗਰਸ ਦੀ ਆਲੋਚਨਾ ਕਰਦਿਆਂ ਯੇਚੁਰੀ ਨੇ ਕਿਹਾ ਕਿ ਪਾਰਟੀ ਭਾਜਪਾ-ਆਰਐੱਸਐੱਸ ਮੁਕਾਬਲੇ ਹਿੰਦੂਤਵ ਦੇ ਵੱਧ ਨਾਅਰੇ ਲਾਉਣਾ ਚਾਹੁੰਦੀ ਹੈ ਅਤੇ ਫਿਰਕੂ ਪਾੜੇ ਨੂੰ ਉਤਸ਼ਾਹ ਦੇ ਰਹੀ ਹੈ।

Previous articleਖੇਤੀ ਦਾ ਆਧੁਨਿਕੀਕਰਨ ਸਮੇਂ ਦੀ ਲੋੜ: ਮੋਦੀ
Next articleFreedom Of Religion and Christian Minorities in India