‘ਆਪ’ ਕੌਂਸਲਰ ਤਾਹਿਰ ਹੁਸੈਨ ਗ੍ਰਿਫ਼ਤਾਰ

ਦਿੱਲੀ ਦੀ ਅਦਾਲਤ ਵੱਲੋਂ ‘ਆਪ’ ਕੌਂਸਲਰ ਤਾਹਿਰ ਹੁਸੈਨ ਦੀ ਆਤਮ-ਸਮਰਪਣ ਦੀ ਅਪੀਲ ਰੱਦ ਕੀਤੇ ਜਾਣ ਮਗਰੋਂ ਦਿੱਲੀ ਪੁਲੀਸ ਨੇ ਅੱਜ ਭਗੌੜੇ ਕੌਂਸਲਰ ਨੂੰ ਗ੍ਰਿਫ਼ਤਾਰ ਕਰ ਲਿਆ। ਹੁਸੈਨ, ਉੱਤਰ-ਪੂਰਬੀ ਦਿੱਲੀ ਵਿੱਚ ਭੜਕੀ ਹਾਲੀਆ ਹਿੰਸਾ ਮੌਕੇ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦੀ ਕਥਿਤ ਹੱਤਿਆ ਲਈ ਲੋੜੀਂਦਾ ਸੀ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਵਿਸ਼ਾਲ ਪਹੂਜਾ ਨੇ ਹੁਸੈਨ ਦੀ ਅਪੀਲ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਕੌਂਸਲਰ ਵੱਲੋਂ ਮੰਗੀ ਰਾਹਤ ਸਬੰਧਤ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਕੋਰਟ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 177 ਤਹਿਤ ਇਸ ਅਪਰਾਧ ਦੀ ਜਾਂਚ ਉਸੇ ਅਦਾਲਤ ਵੱਲੋੋਂ ਕੀਤੀ ਜਾਵੇਗੀ, ਜਿਸ ਦੇ ਅਧਿਕਾਰ ਖੇਤਰ ਵਿੱਚ ਇਹ ਅਪਰਾਧ ਹੋਇਆ ਹੈ। ਜੱਜ ਨੇ ਕਿਹਾ, ‘ਇਸ ਕੇਸ ਵਿੱਚ ਅਪਰਾਧ ਪੁਲੀਸ ਸਟੇਸ਼ਨ ਦਿਆਲਪੁਰ ਦੇ ਅਧਿਕਾਰ ਖੇਤਰ ਵਿੱਚ ਹੋਇਆ ਹੈ, ਜੋ ਕੜਕੜਡੂਮਾ ਕੋਰਟ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਲਿਹਾਜ਼ਾ ਅਪੀਲਕਰਤਾ ਨੇ ਰਾਹਤ ਲਈ ਜਿਹੜਾ ਕਾਰਨ ਦੱਸਿਆ ਹੈ, ਉਹ ਗੈਰਵਾਜਬ ਹੈ।’ ਉਧਰ ਹੁਸੈਨ ਵੱਲੋਂ ਪੇਸ਼ ਵਕੀਲ ਮੁਕੇਸ਼ ਕਾਲੀਆ ਨੇ ਕਿਹਾ ਕਿ ਉਸ ਦੇ ਮੁਵੱਕਿਲ ਦੀ ਜਾਨ ਨੂੰ ਵੱਡਾ ਖ਼ਤਰਾ ਹੈ, ਤੇ ਇਹੀ ਵਜ੍ਹਾ ਹੈ ਕਿ ਉਸ (ਹੁਸੈਨ) ਨੇ ਸਮਰੱਥ ਕੋਰਟ ਅੱਗੇ ਆਤਮ-ਸਮਰਪਣ ਨਹੀਂ ਕੀਤਾ ਕਿਉਂਕਿ ਕੜਕੜਡੂਮਾ ਜ਼ਿਲ੍ਹਾ ਕੋਰਟ ਵਿੱਚ ‘ਮਾਹੌਲ ਕਾਫ਼ੀ ਗਰਮ’ ਸੀ। ਕਾਲੀਆ ਨੇ ਕਿਹਾ ਕਿ ਪੁਲੀਸ ਵੱਲੋਂ ਦਰਜ ਐੱਫ਼ਆਈਆਰ ਨਾਲ ਹੁਸੈਨ ਦਾ ਕੋਈ ਲਾਗਾ ਦੇਗਾ ਜਾਂ ਸ਼ਮੂਲੀਅਤ ਨਹੀਂ ਹੈ। ਕੋਰਟ ਵੱਲੋਂ ਹੁਸੈਨ ਦੀ ਅਰਜ਼ੀ ਰੱਦ ਕਰਨ ਦੀ ਦੇਰ ਸੀ ਕਿ ਉਥੇ ਮੌਜੂਦ ਦਿੱਲੀ ਪੁਲੀਸ ਦੀ ਟੀਮ ਨੇ ‘ਆਪ’ ਕੌਂਸਲਰ ਨੂੰ ਗ੍ਰਿਫ਼ਤਾਰ ਕਰਕੇ ਆਪਣੀ ਹਿਰਾਸਤ ਵਿੱਚ ਲੈ ਲਿਆ। ਹੁਸੈਨ ਨੇ ਆਪਣੇ ਵਕੀਲ ਰਾਹੀਂ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਦਿਆਂ ਕਿਹਾ ਸੀ ਕਿ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ ਤੇ ਕੇਸ ਵਿੱਚ ਆਤਮ-ਸਮਰਪਣ ਕਰਨਾ ਚਾਹੁੰਦਾ ਹੈ।

Previous articleਕਰੋਨਾਵਾਇਰਸ: ਹਰ ਸੰਭਵ ਉਪਰਾਲਾ ਕਰ ਰਹੀ ਹੈ ਸਰਕਾਰ
Next articleਜੇਕਰ ਪੁਲੀਸ ਕਾਨੂੰਨ ਲਾਗੂ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਲੋਕਤੰਤਰ ਫੇਲ੍ਹ ਹੁੰਦੈ: ਡੋਵਾਲ