ਆਪਣੇ ਲਫ਼ਜ਼ਾਂ ਦੇ ਅਸਰ ਬਾਰੇ ਸਾਵਧਾਨ ਰਹਿਣ ਮੋਦੀ: ਮਨਮੋਹਨ ਸਿੰਘ

ਨਵੀਂ ਦਿੱਲੀ  (ਸਮਾਜਵੀਕਲੀ) :  ਲੱਦਾਖ ਦੀ ਗਲਵਾਨ ਵਾਦੀ ’ਚ ਹੋਈ ਭਾਰਤੀ ਤੇ ਚੀਨੀ ਫ਼ੌਜ ਦੀ ਝੜਪ ’ਤੇ ਪਹਿਲੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਵੱਲੋਂ ਵਰਤੇ ਸ਼ਬਦਾਂ ਦੇ ਅਸਰਾਂ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਚੀਨ ਨੂੰ ਮੋਦੀ ਦੇ ਸ਼ਬਦ ਵਰਤ ਕੇ ਆਪਣਾ ਰੁਖ਼ ਦਰੁਸਤ ਸਾਬਿਤ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾ ਸਕਦੀ।

ਮਨਮੋਹਨ ਨੇ ਕਿਹਾ ਕਿ ਗੁਮਰਾਹਕੁੰਨ ਸੂਚਨਾਵਾਂ ਕੂਟਨੀਤੀ ਜਾਂ ਫ਼ੈਸਲਾਕੁਨ ਅਗਵਾਈ ਦਾ ਬਦਲ ਨਹੀਂ ਹੋ ਸਕਦੀਆਂ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਭਾਰਤੀ ਇਲਾਕੇ ਦੀ ਰਾਖ਼ੀ ਕਰਦਿਆਂ ਜਾਨ ਗੁਆਉਣ ਵਾਲੇ ਫ਼ੌਜੀਆਂ ਨੂੰ ਨਿਆਂ ਦੇਣਾ ਯਕੀਨੀ ਬਣਾਉਣ। ਇਸ ਤੋਂ ਕੁਝ ਵੀ ਘੱਟ ਲੋਕਾਂ ਦੇ ਭਰੋਸੇ ਨਾਲ ਇਤਿਹਾਸਕ ਧੋਖਾ ਹੋਵੇਗਾ।

ਜ਼ਿਕਰਯੋਗ ਹੈ ਕਿ ਸਰਬ ਪਾਰਟੀ ਮੀਟਿੰਗ ਦੌਰਾਨ ਨਰਿੰਦਰ ਮੋਦੀ ਨੇ ਕਿਹਾ ਸੀ ਕਿ ‘ਨਾ ਤਾਂ ਕੋਈ ਭਾਰਤੀ ਇਲਾਕੇ ਵਿਚ ਦਾਖ਼ਲ ਹੋਇਆ ਹੈ ਤੇ ਨਾ ਹੀ ਸਾਡੀ ਕੋਈ ਪੋਸਟ ਕਿਸੇ ਦੇ ਕਬਜ਼ੇ ਵਿਚ ਹੈ।’ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ ਲਏ ਫ਼ੈਸਲੇ ਤੇ ਕੀਤੀ ਕਾਰਵਾਈ ਹੀ ਇਹ ਤੈਅ ਕਰੇਗੀ ਕਿ ਅਗਲੀਆਂ ਪੀੜ੍ਹੀਆਂ ਸਾਡੇ ਬਾਰੇ ਕੀ ਸੋਚਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਅਗਵਾਈ ਕਰਦੇ ਹਨ, ਉਨ੍ਹਾਂ ਦੇ ਕੁਝ ਫ਼ਰਜ਼ ਹੁੰਦੇ ਹਨ, ਸਾਡੇ ਲੋਕਤੰਤਰ ’ਚ ਇਸ ਜ਼ਿੰਮੇਵਾਰੀ ਦਾ ਭਾਰ ਪ੍ਰਧਾਨ ਮੰਤਰੀ ਦਫ਼ਤਰ ਦੇ ਮੋਢਿਆਂ ਉਤੇ ਹੈ।

ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਚੀਨ ਗਲਵਾਨ ਵਾਦੀ ਤੇ ਪੈਂਗੌਂਗ ਝੀਲ ਦੇ ਭਾਰਤੀ ਇਲਾਕੇ ’ਤੇ ‘ਬੇਸ਼ਰਮੀ ਨਾਲ ਨਾਜਾਇਜ਼ ਹੱਕ’ ਜਤਾ ਰਿਹਾ ਹੈ। ਭਾਰਤ ਉਨ੍ਹਾਂ ਦੇ ਡਰਾਵੇ ਤੋਂ ਪਿੱਛੇ ਨਹੀਂ ਹਟ ਸਕਦਾ ਤੇ ਨਾ ਹੀ ਆਪਣੀ ਖੇਤਰੀ ਖ਼ੁਦਮੁਖਤਿਆਰੀ ਨਾਲ ਕੋਈ ਸਮਝੌਤਾ ਕਰ ਸਕਦਾ ਹੈ।

Previous articleਭਾਰਤ-ਚੀਨ ਗੱਲਬਾਤ: ਕੰਟਰੋਲ ਰੇਖਾ ’ਤੇ ਫਿ਼ਲਹਾਲ ਫ਼ੌਜਾਂ ਦੇ ਪਿੱਛੇ ਹਟਣ ਦੀ ਸੰਭਾਵਨਾ ਘੱਟ
Next articleਯੂਏਈ ਤੇ ਸਾਊਦੀ ਅਰਬ ਨੇ ਪਾਕਿ ਦੀ ਭਾਰਤ ਵਿਰੋਧੀ ਪੇਸ਼ਕਦਮੀ ਨੂੰ ਵੀਟੋ ਕੀਤਾ