ਭਾਰਤ ਦੀ ਕੌਮੀ ਟੀਮ ਵਿੱਚ ਸ਼ਾਮਲ ਹੋ ਚੁੱਕੇ ਹਨੁਮਾ ਵਿਹਾਰੀ ਨੇ ਕਿਹਾ ਹੈ ਕਿ ਉਹ ਆਗਾਮੀ ਆਈਪੀਐੱਲ ਦੇ ਵਿੱਚ ਉਸ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਕਿ ਉਹ ਟਵੰਟੀ-20 ਦੇ ਲਈ ਬਹੁਤਾ ਚੰਗਾ ਖਿਡਾਰੀ ਨਹੀਂ ਹੈ। ਵਿਹਾਰੀ ਨੇ ਕਿਹਾ ਕਿ ਉਹ ਉਸ ਤੋਂ ਘੱਟ ਉਮੀਦਾਂ ਵਾਲੇ ਨਜ਼ਰੀਏ ਦੇ ਨਾਲ ਨਜਿੱਠਣ ਲਈ ਤਿਆਰ ਹੈ।
ਵਿਹਾਰੀ ਦੀ 23 ਮਾਰਚ ਤੋਂ ਸ਼ੁਰੁੂ ਹੋ ਰਹੀ ਆਈਪੀਐਲ ਵਿੱਚ ਵਾਪਸੀ ਹੋਈ ਹੈ। ਆਪਣੇ ਗੈਰ ਪ੍ਰਭਾਵੀ ਸਟਰਾਈਕ ਰੇਟ ਕਾਰਨ ਨਿਲਾਮੀ ਵਿਚ ਤਿੰਨ ਸਾਲ ਤੱਕ ਨਾ ਵਿਕਣ ਤੋਂ ਬਾਅਦ ਹੁਣ ਵਿਹਾਰੀ ਦਿੱਲੀ ਕੈਪੀਟਲਜ਼ ਦੇ ਲਈ ਖੇਡੇਗਾ। ਵਿਹਾਰੀ ਨੇ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਬੀਤੇ ਸਮੇਂ ਉਸ ਦੇ ਮੱਠੇ ਸਟਰਾਈਕ ਰੇਟ ਕਾਰਨ ਲੋਕਾਂ ਨੂੰ ਉਸ ਤੋਂ ਵਧੇਰੇ ਉਮੀਦਾਂ ਨਹੀਂ ਹੋਣਗੀਆਂ, ਜੋ ਚੰਗੀ ਗੱਲ ਹੋ ਸਕਦੀ ਹੈ। ਉਸ ਨੇ ਕਿਹਾ ਕਿ ਅਜਿਹੇ ਆਲੋਚਕਾਂ ਨੂੰ ਉਹ ਹਾਂਪੱਖੀ ਨਜ਼ਰੀਏ ਨਾਲ ਲੈਂਦਾ ਹੈ ਅਤੇ ਉਸ ਕੋਲ ਹੁਣ ਖ਼ੁਦ ਨੂੰ ਸਾਬਿਤ ਕਰਨ ਦਾ ਮੌਕਾ ਹੈ।
ਦਿੱਲੀ ਕੈਪੀਟਲਜ਼ ਦੇ ਵਿੱਚ ਸਿਖ਼ਰਲੇ ਕ੍ਰਮ ਉੱਤੇ ਸ਼ਿਖਰ ਧਵਨ,ਪਿ੍ਥਵੀ ਸਾਵ, ਕਪਤਾਨ ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਸ਼ਾਮਲ ਹਨ। ਵਿਹਾਰੀ ਨੂੰ ਪਤਾ ਹੈ ਕਿ ਅੰਤਿਮ ਇਲੈਵਨ ਵਿੱਚ ਥਾਂ ਬਣਾਉਣੀ ਕਾਫੀ ਮੁਸ਼ਕਿਲ ਹੋਵੇਗੀ ਪਰ ਉਹ ਫਿਨਿਸ਼ਰ ਦੀ ਉਸ ਤਰ੍ਹਾਂ ਦੀ ਹੀ ਭੂਮਿਕਾ ਨਿਭਾਉਣ ਲਈ ਤਿਆਰ ਹੈ, ਜਿਸ ਤਰ੍ਹਾਂ ਦੀ ਉਸਨੇ ਮੈਲਬੌਰਨ ਵਿੱਚ ਅਣਸੁਖਾਵੀਆਂ ਸਥਿੱਤੀਆਂ ਦੇ ਬਾਵਜੂਦ ਪਾਰੀ ਦਾ ਆਗਾਜ਼ ਕਰਨ ਦੇ ਲਈ ਸਹਿਮਤੀ ਦੇ ਕੇ ਨਿਭਾਈ ਸੀ।
ੳਸਨੇ ਕਿਹਾ,‘ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਤਿੰਨ ਸਾਲ ਬਾਅਦ ਆਈਪੀਐੱਲ ਦੇ ਵਿੱਚ ਖੇਡ ਰਿਹਾ ਹਾਂ ਅਤੇ ਮੈਂ ਟੀਮ ਦੇ ਪ੍ਰਬੰਧਕਾਂ ਅਨੁਸਾਰ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ ਅਤੇ ਕਿਸੇ ਵੀ ਸਥਾਨ ਉੱਤੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ। ਭਾਵੇਂ ਇਹ ਸਿਖਰਲਾ ਕ੍ਰਮ ਹੋਵੇ ਜਾਂ ਫਿਰ ਫਿਨਿਸ਼ਰ ਦੀ ਭੂਮਿਕਾ ਹੋਵੇ।
Sports ਆਪਣੇ ਪ੍ਰਤੀ ਖੇਡ ਪੰਡਤਾਂ ਦੀ ਰਾਏ ਬਦਲਣ ਲਈ ਯਤਨਸ਼ੀਲ ਹੈ ਵਿਹਾਰੀ