ਆਪਣੀ – ਬੇਗਾਨੀ

ਜਸਕੀਰਤ ਸਿੰਘ

(ਸਮਾਜ ਵੀਕਲੀ)

ਸ਼ਿੰਦਾ ਅੱਜ ਪਹਿਲੀ ਵਾਰ  ਸ਼ਹਿਰੋਂ ਹੱਸਦਾ ਗਾਉਂਦਾ ਪਿੰਡ ਨੂੰ ਆ ਰਿਹਾ ਸੀ । ਅੱਜ ਤੋਂ ਪਹਿਲਾਂ ਕਦੇ ਵੀ ਸ਼ਿੰਦਾ ਇੱਕਣ ਪਿੰਡ ਨਹੀਂ ਸੀ ਆਇਆ , ਖ਼ੋਰੇ ਅੱਜ ਉਹਨੂੰ ਕਿ ਖ਼ਜ਼ਾਨਾ ਮਿਲ ਗਿਆ ਜੋ ਇਨ੍ਹਾਂ ਖੁਸ਼ ਸੀ । ਬੱਸ ਦੇ ਫ਼ਿਰਨੀ ਤੇ ਰੁਕਣ ਤੋਂ ਪਹਿਲਾਂ ਹੀ ਸ਼ਿੰਦਾ ਛਾਲ ਮਾਰਕੇ ਥੱਲੇ ਉਤਰ ਆਇਆ । ਉਤਰਨ ਸਾਰ ਹੀ ਉਹਨੇ ਉੱਚੀ ਦੇਣੇ ਲਲਕਾਰਾ ਮਾਰਿਆ ‘ ਬੂਰਆਆਆ ‘ ਜੱਟ ਨੀ ਦਬਦਾ ਹੁਣ , ਜੱਟ ਦਾ ਟਾਈਮ ਆ ਗਿਆ । ਉੱਧਰੋਂ ਸ਼ਿੰਦੇ ਦਾ ਲਗੋਟੀਆਂ ਯਾਰ ਫੀਤਾ ਉਹਨੂੰ ਇਹ ਕਮਲ ਖ਼ਿਲਾਰਦੇ ਨੂੰ ਵੇਖ ਰਿਆ ਸੀ ।

ਕਿ ਅੱਜ ਇਹਨੂੰ ਕੀ ਚਿੱਬੜ ਗਿਆ , ਕੀ ਕਰਨ ਡਿਆ ਏ ਇਹ । ਉਹ ਸ਼ਿੰਦੇ ਨੂੰ ਕਮਲਿਆਂ ਵਾਂਗ ਨੱਚਦਾ ਵੇਖ ਹੈਰਾਨ ਹੋ ਰਿਆ ਸੀ । ਸ਼ਿੰਦਾ ਬਿਨ੍ਹਾਂ ਕੁੱਝ ਅੱਗੇ ਦੇਖੇ ਆਪਣੀ ਮਸਤੀ ਵਿੱਚ ਤੁਰਿਆ ਆ ਰਿਆ ਸੀ ‘ਤੇ ਤੁਰਦਾ ਤੁਰਦਾ ਸਿੱਧਾ ਆਣ ਫੀਤੇ ਦੇ ਵਿੱਚ ਵਜਾ । ਏਸ ਤੋਂ ਪਹਿਲਾਂ ਫੀਤਾ ਕੁੱਝ ਪੁੱਛਦਾ , ਅੱਗੋਂ ਸ਼ਿੰਦਾ ਹੀ ਬੋਲ ਪਿਆ । ਓਏ ਭਾਉ ਮੇਰਾ ਵੀਜ਼ਾ ਆ ਗਿਆ , ਜੱਟ ਚੱਲਿਆ ਵਲੈਤ ਨੂੰ ਹੁਣ ਆਵਣਗੇ ਨਜ਼ਾਰੇ ।

ਫੀਤਾ ਉਸਦੀਆਂ ਇਹ ਗੱਲਾਂ ਸੁਣ ਹਕਾ ਬਕਾ ਰਹਿ ਗਿਆ , ਕਿ ਸ਼ਿੰਦੇ ਵਰਗਾ ਕਾਮਾ – ਪੜ੍ਹਿਆ ਲਿਖਿਆ ਮੁੰਡਾ ਇਹ ਬੋਲ ਰਿਹਾ ਏ ।  ਉਹਦੇ ਮਨ ਵਿੱਚ ਵਲੈਤ ਜਾਣ ਦੀ ਲਾਲਸਾ ਕਿੰਝ ਆ ਗਈ। ਫੀਤਾ ਗੁੱਸੇ ਵਿੱਚ ਸ਼ਿੰਦੇ ਨੂੰ ਬੋਲਿਆ । ਤੇਰਾ ਚਿਤ ਵੀ ਕਿੰਝ ਕਰ ਆਇਆ ਆਪਣੀ ਮਾਂ ਜਾਈ ਧਰਤੀ  ਨੂੰ ਛੱਡ ਸੱਤ ਸਮੁੰਦਰੋਂ ਪਾਰ ਵਲੈਤ ਜਾਣ ਦਾ । ਤੈਨੂੰ ਇਕ ਵਾਰ ਵੀ ਖਿਆਲ ਨਾ ਆਇਆ ।  ਸਾਡਾ , ਆਪਣੀ ਜ਼ਮੀਨ ਦਾ , ਹੋਰ ਤਾਂ ਛੱਡ ਤੂੰ ਆਪਣੇ ਇਸ ਪਿੰਡ ਨੂੰ ਕਿਵੇਂ ਛੱਡ ਸਕਣਾ ਏ , ਜਿੱਥੇ ਤੂੰ ਜਮਿਆਂ ਏ ਖੇਡਿਆ ਏ , ਤੂੰ ਇਸ ਪਿੰਡ ਦਾ ਇਸ ਧਰਤੀ ਮਾਂ ਦਾ ਜਾਇਆ ਏ । ਤੂੰ ਇਹ ਨਹੀਂ ਕਰ ਸਕਦਾ ।

ਅੱਗੋਂ ਸ਼ਿੰਦਾ ਥੋੜ੍ਹਾ ਗੁੱਸੇ ਵਿੱਚ ਹੋ ਬੋਲਿਆ , ਕਿਸ ਮਾਂ ਧਰਤੀ ਦੇ ਗੱਲ ਕਰਨ ਡਿਆ ਏ ਭਾਉ । ਉਸ ਧਰਤੀ ਦੀ , ਜਿੰਨੇ ਮੈਨੂੰ ਥਾਂ ਥਾਂ ਠੋਕਰਾਂ ਮਾਰੀਆਂ । ਮੈਂ ਲੱਖਾਂ ਰੁਪਇਆ ਲਾਕੇ ਚੰਗੇ ਨੰਬਰਾਂ ਨਾਲ ਆਪਣੀ ਪੜ੍ਹਾਈ ਕੀਤੀ , ਕਿ ਮੈਨੂੰ ਕੋਈ ਵਧਿਆ ਨੌਕਰੀ ਮਿਲ ਜਾਏਗੀ । ਪਰ ਹੋਇਆ ਕੀ ਪਿੱਛਲੇ 3 ਸਾਲਾਂ ਤੋਂ ਦਰ ਦਰ ਭਟਕ ਰਿਹਾ , ਕੋਈ ਰਾਹ ਨਹੀਂ ਦੇ ਰਿਹਾ । ਇਸ ਆਪਣੀ ਮਾਂ ਧਰਤੀ ਤੋਂ ਚੰਗੀ ਤੇ ਉਹੋ ਬੇਗਾਨੀ ਮਾਂ ਧਰਤੀ ਏ , ਜਿੰਨ੍ਹੇ ਮੇਰੀ ਕਦਰ ਪਾਈ ਏ । ਜਿੰਨੇ ਮੇਰੀ ਅਰਦਾਸ ਸੁਣ ਮੈਨੂੰ ਕੋਲ ਬੁਲਾਇਆ ਏ । ਮੈਨੂੰ ਉਹ ਬੇਗਾਨੀ ਮਾਂ ਚੰਗੀ ਏ , ਏਸ ਆਪਣੀ ਮਾਂ ਤੋਂ । ਸ਼ਿੰਦੇ ਦੇ ਇਹ ਲਫ਼ਜ਼ ਸੁਣ ਫੀਤਾ ਜਿਕਣ ਬੋਲਾ ਹੋ ਗਿਆ ਤੇ ਸ਼ਿੰਦੇ ਨੂੰ ਬਿਨ੍ਹਾਂ ਕੁੱਝ ਅਗੋਂ ਬੋਲੇ ਆਪਣੇ ਸਿੱਧੇ ਰਾਹੇ ਹੋ ਤੁਰਿਆ ।

ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ ) 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleImran visits areas in Islamabad without protocol
Next articleB’desh speedboat collision kills 27