ਆਨਲਾਈਨ ਪੜ੍ਹਾਈ: ਹਕੀਕਤ ਨਾਲ ਮੇਲ ਨਹੀਂ ਖਾਂਦੇ ਸਰਕਾਰੀ ਦਾਅਵੇ

ਟੱਲੇਵਾਲ (ਸਮਾਜਵੀਕਲੀ) :  ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦੇ ਦਾਅਵੇ ਅਸਲੀਅਤ ਨਾਲ ਮੇਲ ਨਹੀਂ ਖਾਂਦੇ। ਅੰਕੜਿਆਂ ਵਿਚ ਹੇਰ-ਫੇਰ ਕਰ ਕੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਾਏ ਜਾਣ ਦੇ ਦਾਅਵੇ ਸਚਾਈ ਤੋਂ ਦੂਰ ਹਨ। ਵਿਭਾਗੀ ਸੂਚਨਾ ਅਨੁਸਾਰ ਇਸ ਸਮੇਂ ਬਰਨਾਲਾ ਜ਼ਿਲ੍ਹੇ ਵਿਚ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿਚ 32,244 ਵਿਦਿਆਰਥੀ ਪੜ੍ਹ ਰਹੇ ਹਨ। ਵਿਭਾਗ ਅਨੁਸਾਰ ਇਨ੍ਹਾਂ ’ਚੋਂ ਸਿਰਫ਼ 3600 ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਨ ਦੀ ਸਹੂਲਤ ਨਹੀਂ ਹੈ ਜਦਕਿ ਇਸ ਦੇ ਉਲਟ, ਪਿੰਡਾਂ ਦੇ ਬਹੁਤੇ ਬੱਚਿਆਂ ਕੋਲ ਸਮਾਰਟਫ਼ੋਨ ਨਹੀਂ ਹਨ।

ਅਸਲ ਵਿਚ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਕਰੀਬ ਹਫ਼ਤਾ ਪਹਿਲਾਂ ਸਕੂਲ ਮੁਖੀਆਂ ਤੋਂ ਆਨਲਾਈਨ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਸੂਚਨਾ ਮੰਗੀ ਸੀ। ਸੂਚਨਾ ਭੇਜਣ ਲਈ ਸਿਰਫ਼ ਇਕ ਦਿਨ ਦਾ ਸਮਾਂ ਮਿਲਣ ਕਾਰਨ ਬਹੁਤੇ ਮੁਖੀਆਂ ਨੇ ਅੰਦਾਜ਼ਨ ਗਿਣਤੀ ਭੇਜ ਦਿੱਤੀ, ਜੋ ਕਿ ਵਧਾ-ਚੜ੍ਹਾ ਕੇ ਭੇਜੀ ਗਈ ਹੈ।

ਪਿੰਡਾਂ ਦੇ ਬਹੁਤੇ ਬੱਚਿਆਂ ਕੋਲ ਸਮਾਰਟਫ਼ੋਨ ਨਹੀਂ ਹਨ। ਕੰਪਿਊਟਰ ਅਤੇ ਲੈਪਟਾਪ ਤਾਂ ਸਿਰਫ਼ ਇੱਕਾ-ਦੁੱਕਾ ਕੋਲ ਹਨ। ਟੀ.ਵੀ ਅਤੇ ਰੇਡੀਓ ਰਾਹੀਂ ਪੜ੍ਹਨ ਦਾ ਰੁਝਾਨ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਕਮਜ਼ੋਰ ਇੰਟਰਨੈੱਟ ਰੇਂਜ ਦੀ ਸਮੱਸਿਆ ਵੀ ਹੈ। ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਦਾ ਦਾਅਵਾ ਕਿਸੇ ਦੇ ਗਲੇ ਨਹੀਂ ਉਤਰ ਰਿਹਾ।

ਉਪ-ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਹਰਕੰਵਲਜੀਤ ਕੌਰ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ਤਹਿਤ ਬੱਚਿਆਂ ਨੂੰ ਰੇਡੀਓ, ਟੀਵੀ ਅਤੇ ਸਮਾਰਟ ਫ਼ੋਨ ਨਾਲ ਜੋੜਿਆ ਗਿਆ ਹੈ। 32,244 ਬੱਚਿਆਂ ’ਚੋਂ ਸਿਰਫ਼ 3600 ਕੋਲ ਆਨਲਾਈਨ ਪੜ੍ਹਨ ਲਈ ਸਾਧਨ ਨਹੀਂ ਹਨ। ਉਨ੍ਹਾਂ ਨੂੰ ਸਾਥੀ ਬੱਚਿਆਂ ਨਾਲ ਜੋੜ ਕੇ ਪੜ੍ਹਾਇਆ ਜਾ ਰਿਹਾ ਹੈ।

Previous articleਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਸਲਮਾਨ ਤੇ ਸੱਤ ਹੋਰਾਂ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ
Next articleਡਾਕਟਰਾਂ ਨੂੰ ਤਨਖਾਹਾਂ ਦੇਣ ਲਈ ਕੇਂਦਰ ਸੂਬਿਆਂ ਨੂੰ ਨਿਰਦੇਸ਼ ਦੇਵੇ: ਸੁਪਰੀਮ ਕੋਰਟ