ਆਨਲਾਈਨ ਪੜ੍ਹਾਈ ਦਾ ਕੱਚ ਸੱਚ

ਗੁਰਜੀਤ ਕੌਰ 'ਮੋਗਾ'

(ਸਮਾਜ ਵੀਕਲੀ)

ਕਰੋਨਾ ਮਹਾਂਮਾਰੀ ਨੇ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਪੂਰਾ ਆਵਾਮ ਹੀ ਇਸ ਦੀ ਲਪੇਟ ‘ਚ ਆ ਚੁੱਕਿਆ ਹੈ ਤੇ ਜ਼ਿੰਦਗੀ ਦੇ ਤੌਰ ਤਰੀਕੇ ਵੀ ਬਦਲ ਚੁੱਕੇ ਹਨ। ਇਸ ਮਹਾਮਾਰੀ ਦੇ ਚਲਦਿਆਂ ਸਰਕਾਰ ਨੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ । ਲਾਕਡਾਊਨ ਦੇ ਚੱਲਦਿਆਂ ਅਧਿਆਪਕਾਂ ਵੱਲੋਂ ਬੜੀ ਤਨਦੇਹੀ ਨਾਲ ਬੱਚਿਆਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਦਾ ਸਿਲੇਬਸ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ।

ਅਧਿਆਪਕ ਆਪਣੇ ਫ਼ਰਜ਼ਾਂ ਪ੍ਰਤੀ ਲਾਮਬੰਦ ਹੋ ਕੇ ਆਨਲਾਈਨ ਕਲਾਸਾਂ ਲਗਾ ਕੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਨਵੀਂ ਤਕਨੀਕ ਦੇ ਹੋਰ ਤਰੀਕੇ ਸਮਝਾ ਰਹੇ ਹਨ। ਪੜ੍ਹਾਈ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀ ਇਸ ਦਾ ਭਰਪੂਰ ਫਾਇਦਾ ਉਠਾ ਰਹੇ ਹਨ ਅਤੇ ਕਰੋਨਾ ਸੰਕਟ ਕਾਲ ਦੇ ਚੱਲਦਿਆਂ ਵੀ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਸਮੇਂ ਦਾ ਸਦ ਉਪਯੋਗ ਕਰ ਰਹੇ ਹਨ। ਬੱਚਿਆਂ ਦੀ ਸਿੱਖਿਆ ਨੂੰ ਲਗਾਤਾਰ ਜਾਰੀ ਰੱਖਣ ਦਾ ਸਰਕਾਰ ਦਾ ਇਹ ਨਿਵੇਕਲਾ ਕਦਮ ਬੱਚਿਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਤ ਕਰ ਰਿਹਾ ਹੈ।

ਅਧਿਆਪਕਾਂ ਦਾ ਸਿੱਖਿਆ ਨੂੰ ਲੈ ਕੇ ਲਗਾਤਾਰ ਵਿਦਿਆਰਥੀਆਂ ਨਾਲ  ਸੰਪਰਕ ਜਰੀਏ  ਉਨ੍ਹਾਂ ਨੂੰ ਨਵੀਆਂ ਐਪਸ ਦੀ ਜਾਣਕਾਰੀ ਵੀ ਦੇ ਰਹੇ ਹਨ। ਆਨਲਾਈਨ ਲੱਗਦੀਆਂ ਕਲਾਸਾਂ ਨੇ ਕੁਝ ਹੱਦ ਤੱਕ ਬੱਚਿਆਂ ਦੇ ਭਵਿੱਖ ਨੂੰ ਕਰੋਨਾ ਕਾਲ ਦੇ ਪ੍ਰਭਾਵ ਤੋਂ ਬਚਾ ਲਿਆ ਹੈ। ਪਰ ਜਿਥੇ ਸਿੱਖਿਆ ਦਾ ਸਹੀ ਅਸਰ ਨਜ਼ਰ ਆ ਰਿਹਾ ਹੈ ਉੱਥੇ ਦੂਜੇ  ਪਾਸੇ ਕਸ਼ੋਰ ਅਵਸਥਾ ਦੀ ਉਮਰ ਦੇ ਬੱਚਿਆਂ ਤੇ ਨਵੀਂ ਤਕਨੀਕ ਦੀ ਜਾਣਕਾਰੀ ਦਾ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਬੱਚਿਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਹੋਣ ਨਾਲ ਉਨ੍ਹਾਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਆ ਗਏ ਹਨ। ਪਹਿਲੀਆਂ ਹਦਾਇਤਾਂ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਿਆ ਜਾਵੇ ਸਭ ਫੇਲ ਹੋ ਚੁੱਕੀਆਂ ਹਨ ।ਕਈ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਗਏ ਹਨ ਕਿਉਂਕਿ ਉਨ੍ਹਾਂ ਕੋਲ ਸਮਾਰਟਫੋਨ ਖਰੀਦਣ ਦੀ ਸਮਰੱਥਾ ਹੀ ਨਹੀਂ ਤੇ ਕਈਆਂ ਬੱਚਿਆਂ ਦੇ ਮਾਪੇ ਕੋਰੇ ਅਨਪੜ੍ਹ ਹੋਣ ਕਰਕੇ ਫੋਨ ਤੇ ਚਲਦੇ ਇੰਟਰਨੈੱਟ ਤੋਂ ਬੇਖ਼ਬਰ ਹਨ ।ਆਨਲਾਈਨ ਪੜ੍ਹਾਈ ਦੇ ਚਲਦਿਆਂ ਘੰਟਿਆਂ ਬੱਧੀ ਬੱਚਿਆਂ ਦੇ ਹੱਥਾਂ ‘ਚ ਮੋਬਾਇਲ ਫੋਨ ਆਉਣ ਨਾਲ ਜਿੱਥੇ ਉਨ੍ਹਾਂ ਦੀਆਂ ਅੱਖਾਂ ਤੇ ਪ੍ਰਭਾਵਿਤ ਕਰਦਾ ਹੈ ਉੱਥੇ ਉਨ੍ਹਾਂ ਦੇ ਬਚਪਨ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਕਈ ਬੱਚੇ ਮਾਪਿਆਂ ਦੀ ਅਣਗਹਿਲੀ ਜਾਂ ਅਨਪੜ੍ਹਤਾ ਹੋਣ ਕਰਕੇ ਨਾ ਵੇਖਣਯੋਗ ਸਾਈਟਸ ਤੱਕ ਜਾ ਪਹੁੰਚਦੇ ਹਨ ਅਤੇ ਆਪਣਾ ਬਚਪਨ ਕੁਰਾਹੇ ਪਾ ਰਹੇ ਹਨ।

ਕੁਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਕੁਝ ਬੱਚਿਆਂ ਵੱਲੋਂ ਆਨਲਾਈਨ ਕਲਾਸਾਂ ਦੇ ਚਲਦਿਆਂ ਟੀਚਰਾਂ ਨਾਲ ਗਲਤ ਇਸ਼ਾਰਿਆਂ ਜਾਂ ਟਿੱਪਣੀਆਂ ਦੀ ਖ਼ਬਰ ਵੀ ਪਹਿਲਾਂ ਆ ਚੁੱਕੀ ਹੈ।ਇਸ ਤੋਂ ਇਲਾਵਾ ਇਕ ਹੋਰ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਅਧਿਆਪਕਾ ਦੇ ਦੱਸਣ ਮੁਤਾਬਕ ਛੇਵੀਂ ਜਮਾਤ ਦੇ ਇੱਕ ਬੱਚੇ ਨੇ ਸਾਰੇ ਅਧਿਆਪਕਾਂ ਦੇ ਨੰਬਰ ਬਲਾਕ ਕਰ ਕੇ ਪੜ੍ਹਨ ਦੀ ਜਗ੍ਹਾ ਉਸ ਨੇ ਕੁਝ ਗਲਤ ਨਾ ਦੇਖਣਯੋਗ ਤਸਵੀਰਾਂ ਤੇ ਵੀਡੀਓ ਨਾਲ ਆਪਣੇ ਫੋਨ ਨੂੰ  ਭਰ ਲਿਆ। ਉਸ ਬੱਚੇ ਨਾਲ ਸੰਪਰਕ ਹੋਇਆ ।

ਜਦੋਂ ਉਸਦੇ ਮਾਂ ਬਾਪ ਨੂੰ ਸਕੂਲ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਸੀਂ ਤਾਂ ਇਸ ਬੱਚੇ ਨੂੰ ਤੁਹਾਡੇ ਕਹਿਣ ਤੇ ਹੀ ਫੋਨ ਲੈ ਕੇ ਦਿੱਤਾ ਸੀ।ਇਸੇ ਤਰ੍ਹਾਂ  ਇਕ ਹੋਰ ਬੱਚੇ ਨੇ ਟੀਚਰਾਂ ਅਤੇ ਬੱਚਿਆਂ ਦਾ ਵਟਸਐੱਪ ਤੇ ਬਣਿਆ ਗਰੁੱਪ ਇਸ ਕਦਰ ਬਲਾਕ ਕਰ ਦਿੱਤਾ  ਕਿ ਅਧਿਆਪਕਾਂ ਦਾ ਬੱਚਿਆਂ ਨਾਲ ਸੰਪਰਕ ਹੀ ਟੁੱਟ ਗਿਆ।ਜੇਕਰ ਇਸੇ ਤਰ੍ਹਾਂ ਕੁਝ ਚਿਰ ਹੋਰ ਚੱਲਦਾ ਰਿਹਾ ਤਾਂ ਬੱਚਿਆਂ ਦਾ ਬਚਪਨ ਇਸ ਕਦਰ ਕੁਰਾਹੇ ਪੈ ਜਾਵੇਗਾ ਜਿੱਥੋਂ ਮੁੜਨਾ ਅਸੰਭਵ ਹੋਵੇਗਾ। ਪਹਿਲਾਂ ਹੀ ਪੰਜਾਬ ਦੀ ਜਵਾਨੀ ਨਸ਼ੇ ਦੀ ਆੜ ‘ਚ ਤਬਾਹ ਹੋ ਰਹੀ ਹੈ ਤੇ ਇਸ ਤੋਂ ਵੱਡੀ ਤ੍ਰਾਸਦੀ ਹੈ ਕਿ ਪੜ੍ਹਾਈ ਦੇ ਨਾਂਅ ਤੇ ਬੱਚਿਆਂ ਦਾ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ ।

ਸੋਸ਼ਲ ਸਾਈਟਸ ਦੇ ਆਉਣ ਕਾਰਨ ਅਧਿਆਪਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ । ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਮੋਬਾਇਲ ਤੇ ਟੈਲੀਵਿਜਨ ਨੇ ਤਾਂ  ਪਹਿਲਾਂ ਹੀ ਰਿਸ਼ਤਿਆਂ ਨਾਤਿਆਂ ਦਾ ਘਾਣ ਕੀਤਾ ਹੋਇਆ ਹੈ। ਅਜੋਕੀ ਪੀੜ੍ਹੀ ਇਹ ਸਭ ਦੇਖ ਕੇ ਸਾਡੀ ਸੱਭਿਅਤਾ ਤੋਂ ਦੂਰ ਹੋ ਰਹੀ ਹੈ ਤੇ ਹੁਣ ਭੋਲਾ ਭਾਲਾ ਬਚਪਨ ਇੰਟਰਨੈੱਟ ਦੀ ਦੁਨੀਆਂ ‘ਚ ਗੁਆਚਿਆ ਨਜ਼ਰ ਆ ਰਿਹਾ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਇਸ ਚੁਣੌਤੀ ਭਰੇ ਵਕਤ ‘ਚ ਪੂਰਨ ਸੁਚੇਤ ਹੋਣ ਦੀ ਲੋੜ ਹੈ।ਨਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਾਡੀਆਂ ਕਦਰਾਂ ਕੀਮਤਾ ਤੋਂ ਪਛੜ ਚੁੱਕੇ ਬੱਚਿਆਂ ਨੂੰ ਵਾਪਿਸ ਸਹੀ ਰਸਤੇ ਲਾਉਣ ਲਈ ਤਰਸਾਂਗੇ।

ਗੁਰਜੀਤ ਕੌਰ ‘ਮੋਗਾ’
Gurjeetkaurwriter@gmail.com

Previous articleਸਮਾਰਟ ਫੋਨ ਨਾ ਹੋਣ ਕਾਰਨ ਮਾਪੇ ਅਧਿਆਪਕ ਮਿਲਣੀ ਲਈ ਘਰ ਘਰ ਪਹੁੰਚੇ ਅਧਿਆਪਕ ਜਸਵਿੰਦਰ ਪਾਲ
Next articleਦੋਹੇ