ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ‘ਆਤਮ ਨਿਰਭਰ ਭਾਰਤ’ ਦਾ ਸਾਰ ਸਿਰਫ਼ ਆਪਣੇ ਲਈ ਪੈਸੇ ਕਮਾਉਣਾ ਨਹੀਂ ਹੈ ਸਗੋਂ ਮਨੁੱਖਤਾ ਅਤੇ ਦੁਨੀਆ ਦੀ ਭਲਾਈ ਕਰਨਾ ਹੈ। ਸਵਾਮੀ ਚਿਦਭਵਾਨੰਦ ਦੀ ‘ਈ-ਭਗਵਤ ਗੀਤਾ’ ਦੇ ਕਿੰਡਲ ਰੂਪ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਰਿਲੀਜ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਭਾਰਤ ਨੇ ਦੁਨੀਆ ਨੂੰ ਨਾ ਸਿਰਫ਼ ਦਵਾਈਆਂ ਮੁਹੱਈਆ ਕਰਵਾਈਆਂ ਹਨ ਸਗੋਂ ਹੁਣ ਉਹ ਟੀਕੇ ਵੀ ਭੇਜ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਕੋਵਿਡ-19 ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਦਾ ਸਮਾਜਿਕ ਅਤੇ ਆਰਥਿਕ ਪ੍ਰਬੰਧ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਗੀਤਾ ਦੇ ਦਿਖਾਏ ਮਾਰਗ ਹੋਰ ਅਹਿਮ ਹੋ ਜਾਂਦੇ ਹਨ। ‘ਪਿਛਲੇ ਦਿਨੀਂ ਜਦੋਂ ਦੁਨੀਆ ਨੂੰ ਦਵਾਈਆਂ ਦੀ ਲੋੜ ਪਈ ਤਾਂ ਭਾਰਤ ਨੇ ਇਸ ਦੀ ਪਹੁੰਚ ਯਕੀਨੀ ਬਣਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ। ਸਾਡੇ ਵਿਗਿਆਨੀਆਂ ਨੇ ਘੱਟ ਤੋਂ ਘੱਟ ਸਮੇਂ ’ਚ ਟੀਕਾ ਬਣਾਇਆ ਅਤੇ ਹੁਣ ਭਾਰਤ ਦੁਨੀਆ ’ਚ ਟੀਕੇ ਪਹੁੰਚਾ ਰਿਹਾ ਹੈ।’ ਇਸ ਨੂੰ ਆਤਮਨਿਰਭਰ ਭਾਰਤ ਦੀ ਬਿਹਤਰੀਨ ਮਿਸਾਲ ਦੱਸਦਿਆਂ ਉਨ੍ਹਾਂ ਕਿਹਾ ਕਿ 130 ਕਰੋੜ ਭਾਰਤੀਆਂ ਨੇ ਮੁਲਕ ਨੂੰ ਆਤਮ ਨਿਰਭਰ ਬਣਾਉਣ ਦਾ ਅਹਿਦ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਈ-ਕਿਤਾਬਾਂ ਨੌਜਵਾਨਾਂ ’ਚ ਮਕਬੂਲ ਹੋ ਰਹੀਆਂ ਹਨ ਅਤੇ ਈ-ਭਗਵਤ ਗੀਤਾ ਵਧੇਰੇ ਨੌਜਵਾਨਾਂ ਨੂੰ ਗੀਤਾ ਦੇ ਮਹਾਨ ਵਿਚਾਰ ਨਾਲ ਜੋੜੇਗੀ। ਸ੍ਰੀ ਮੋਦੀ ਨੇ ਕਿਹਾ ਕਿ ਗੀਤਾ ਸੋਚਣ ’ਤੇ ਮਜਬੂਰ ਕਰਦੀ ਹੈ। ‘ਇਹ ਸਾਨੂੰ ਸਵਾਲ ਕਰਨ ਅਤੇ ਚਰਚਾ ਲਈ ਪ੍ਰੇਰਿਤ ਕਰਦੀ ਹੈ।’ ਉਨ੍ਹਾਂ ਕਿਹਾ ਕਿ ਆਚਾਰਿਆ ਵਿਨੋਬਾ ਭਾਵੇ, ਮਹਾਤਮਾ ਗਾਂਧੀ, ਲੋਕਮਾਨਿਆ ਤਿਲਕ, ਸੁਬਰਾਮਣੀਅਮ ਭਾਰਤੀ ਜਿਹੇ ਮਹਾਨ ਲੋਕ ਗੀਤਾ ਤੋਂ ਪ੍ਰੇਰਿਤ ਸਨ।