ਬਠਿੰਡਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਲੰਬੇ ਸਮੇਂ ਤੋਂ ਸਮਾਰਟਫੋਨਾਂ ਦੀ ਉਡੀਕ ਕਰ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮੁਤਾਬਕ ਇਹ ਸਮਾਰਟਫੋਨ ਪੰਜਾਬ ਪਹੁੰਚ ਗਏ। ਮਨਪ੍ਰੀਤ ਬਾਦਲ ਅੱਜ ਬਠਿੰਡਾ ਪਹੁੰਚੇ ਸਨ ਜਿੱਥੇ ਉਹ ਨਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਵਧਾਈ ਦੇਣ ਆਏ ਸੀ।
ਮਨਪ੍ਰੀਤ ਬਾਦਲ ਨੇ ਕਿਹਾ, ” ਪੰਜਾਬ ਦੇ ਨੌਜਵਾਨਾਂ ਨੂੰ ਜੋ ਸਮਾਰਟਫੋਨ ਦੇਣੇ ਸੀ, ਉਹ ਪੰਜਾਬ ਵਿੱਚ ਆ ਗਏ ਹਨ। ਇਨ੍ਹਾਂ ਸਮਾਰਟਫੋਨਾਂ ਦਾ ਚੀਨ ਨਾਲ ਕੋਈ ਸਬੰਧ ਨਹੀਂ, ਕਿਉਂਕਿ ਚੀਨ ਨੇ ਸਾਡੇ ਬਹੁਤ ਸਾਰੇ ਜਵਾਨ ਸ਼ਹੀਦ ਕੀਤੇ ਸਨ। ਇਸ ਲਈ ਜ਼ਰੂਰੀ ਸੀ ਕਿ ਸਮਾਰਟਫੋਨ ਚੀਨ ਦੇ ਨਾ ਹੋਣ ਤੇ ਆਉਣ ਵਾਲੇ ਪੰਜ ਹਫ਼ਤਿਆਂ ਵਿੱਚ ਸਮਾਰਟ ਫੋਨ ਦਿੱਤੇ ਜਾਣਗੇ।
ਖਜ਼ਾਨਾ ਮੰਤਰੀ ਨੇ ਅਕਾਲੀ ਦਲ ਤੇ ਵਾਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਡਗਮਗਾ ਗਈ ਹੈ। ਅੱਜ ਦੇ ਸਮੇਂ ਵਿੱਚ ਅਕਾਲੀ ਦਲ ਕਿਸਾਨਾਂ ਤੇ ਸਿੱਖਾਂ ਦੇ ਮੁੱਦਿਆਂ ਉੱਤੇ ਸਿਆਸਤ ਕਰ ਰਹੀ ਹੈ।