ਆਓ ਮਿਲ ਕੇ ਰੁੱਖ ਲਗਾਈਏ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਵੇਖੋ ਯਾਰੋ ਆ ਗਿਆ ਹੈ ਮੌਸਮ ਬਹਾਰ ਦਾ ।
ਰੁੱਖਾਂ ਤੇ ਮਨੁੱਖਾਂ ਨਾਲ਼ ਮੋਹ ਤੇ ਪਿਆਰ ਦਾ ।
ਵਿਹੜਿਆਂ ਨੂੰ ਭਾਗ ਲਾਉਂਦੀਆਂ  ,
ਫੁੱਲ ਬੂਟਿਆਂ ਨਾ ਧੀਆਂ ਤੇ ਧਰੇਕਾਂ ।
ਆਓ ਲਾਈਏ ਤੂਤ ਟਾਹਲੀਆਂ ,
ਨਿੰਮ ਪਿੱਪਲ ਬਰੋਟੇ ਅਤੇ ਡੇਕਾਂ ।
ਕਿਸੇ ਵੇਲ਼ੇ ਫਿਰਨੀਆਂ ‘ਤੇ ਰੁੱਖ ਬੜੇ ਹੁੰਦੇ ਸੀ ।
ਉਹਨਾਂ ਦੀ ਛਾਵੇਂ ਬੈਠਣ ਲਈ ਕੱਚੇ ਥੜੇ ਹੁੰਦੇ ਸੀ।
ਕੁੜੀਆਂ ਸੀ ਤੀਆਂ ਲਾਉਂਦੀਆਂ ,
ਮੁੰਡੇ ਲਾਉਂਦੇ ਸੀ ਦੁਪਹਿਰ ਵੇਲ਼ੇ ਹੇਕਾਂ ।
ਆਓ ਲਾਈਏ ਤੂਤ ਟਾਹਲੀਆਂ ——-
ਪੁਰਖ਼ਿਆਂ ਦੇ ਨਾਲ਼ ਜੋ ਜੋ ਕੀਤੇ ਵਾਇਦੇ ਹੁੰਦੇ ਨੇ।
ਕਿਹੜੇ ਕਿਹੜੇ ਬੂਟਿਆਂ ਦੇ ਕੀ ਕੀ ਫ਼ਾਇਦੇ ਹੁੰਦੇ ਨੇ।
ਮੈਂ ਤੁਲਸੀ ਦੇ ਬੂਟਿਆਂ ਨੂੰ  ,
ਮੱਥਾ ਅੈਵੇਂ ਨਾ ਸਵੇਰ ਵੇਲ਼ੇ ਟੇਕਾਂ  ।
ਆਓ ਲਾਈਏ ਤੂਤ ਟਾਹਲੀਆਂ ——-
ਪੈਸਿਆਂ ਦੀ ਦੌੜ ਅਤੇ ਆਪੋ ਧਾਪੀ ਪੈ ਗਈ  ।
ਸਾਹ ਲੈਣ ਲਈ ਨਾ ਹਵਾ ਵੀ ਸ਼ੁੱਧ ਰਹਿ ਗਈ ।
ਰੁੱਖਾਂ ‘ਤੇ ਜਿਹੜਾ ਫੇਰੇ ਆਰੀਆਂ ,
ਚਿੱਤ ਕਰਦੈ ਸਮਾਜ ਵਿੱਚੋਂ ਛੇਕਾਂ  ।
ਆਓ ਲਾਈਏ ਤੂਤ ਟਾਹਲੀਆਂ ——-
ਪਿੱਪਲ ਬਰੋਟੇ ਦਾਦੇ ਦਾਦੀਆਂ ਦੇ ਹਾਣਦੇ ।
ਬਹਿ ਕੇ ਪਿੰਡ ਰੰਚਣਾਂ ਦੇ ਲੋਕੀ ਮੌਜਾਂ ਮਾਣਦੇ ।
ਇਹ ਰੁਲ਼ਦੂ ਦਾ ਚਿੱਤ ਕਰਦੈ  ,
ਅੱਗ ਪਿਆਰ ਤੇ ਮੁਹੱਬਤਾਂ ਦੀ ਸੇਕਾਂ ।
ਆਓ ਲਾਈਏ ਤੂਤ ਟਾਹਲੀਆਂ ——-
                  ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               9478408898
Previous articleਮਿਆਦ ਖਤਮ ਹੋ ਚੁਕੇ ਓ.ਸੀ.ਆਈ ਕਾਰਡ ਦੇ ਨਵੀਨੀਕਰਣ ਦੀ ਤਰੀਕ 31 ਦਸੰਬਰ 2021 ਤਕ ਕੀਤੀ ਜਾਵੇ-ਸਤਨਾਮ ਸਿੰਘ ਚਾਹਲ
Next articleਹੋਲੀ