(ਸਮਾਜ ਵੀਕਲੀ)
ਪਿਆਰੇ ਬੱਚਿਓ ! ਸਤਿ ਸ੍ਰੀ ਅਕਾਲ , ਨਮਸਤੇ , ਗੁੱਡ ਮਾਰਨਿੰਗ। ਬੱਚਿਓ ! ਸਾਡਾ ਦੇਸ਼ ਭਾਰਤ ਅਲੱਗ – ਅਲੱਗ ਭਿੰਨਤਾਵਾਂ , ਖੂਬੀਆਂ , ਰੌਚਕਤਾ , ਜਾਣਕਾਰੀ , ਯੋਗਤਾਵਾਂ , ਮਹਾਨ ਤੇ ਦਿਲਕਸ਼ ਥਾਵਾਂ ਅਤੇ ਰੰਗ – ਨਜ਼ਾਰਿਆਂ ਨਾਲ ਭਰਪੂਰ ਹੈ। ਇਹ ਬਹੁਤ ਪਵਿੱਤਰ , ਮਹਾਨ , ਧਾਰਮਿਕ ਤੇ ਸਤਿਕਾਰਯੋਗ ਪਾਵਨ ਧਰਤੀ ਹੈ। ਇੱਥੇ ਅਨੇਕਤਾ ਵਿੱਚ ਵੀ ਏਕਤਾ ਹੈ।
ਇਹੋ ਇਸ ਦਾ ਵਡੱਪਣ ਹੈ। ਬੱਚਿਓ ! ਅੱਜ ਅਸੀਂ ਤੁਹਾਨੂੰ ਭਾਰਤ ਦੇ ਦੱਖਣ – ਪੱਛਮ ਦਿਸ਼ਾ ਵਿੱਚ ਸਥਿਤ ਗੌਰਵਮਈ ਤੇ ਅਮੀਰ ਰਾਜ ਮਹਾਰਾਸ਼ਟਰ ਦੇ ਜ਼ਿਲ੍ਹੇ ਔਰੰਗਾਬਾਦ ਦੀਆਂ ਅਜੰਤਾ ਤੇ ਏਲੋਰਾ ਦੀਆਂ ਗੁਫ਼ਾਵਾਂ ਤੋਂ ਜਾਣੂੰ ਕਰਵਾਵਾਂਗੇ। ਬੱਚਿਓ ! ਅਜੰਤਾ ਤੇ ਏਲੋਰਾ ਦੀਆਂ ਗੁਫ਼ਾਵਾਂ ਸਮੁੱਚੇ ਵਿਸ਼ਵ ਵਿੱਚ ਪ੍ਰਸਿੱਧ ਹਨ। ਇਨ੍ਹਾਂ ਗੁਫ਼ਾਵਾਂ ਨੂੰ ਯੂਨੈਸਕੋ ਸੰਸਥਾ ਵੱਲੋਂ ‘ ਵਿਸ਼ਵ ਵਿਰਾਸਤ ‘ ਦਾ ਦਰਜਾ ਦਿੱਤਾ ਗਿਆ ਹੈ। ਅਜੰਤਾ ਦੀਆਂ ਗੁਫਾਵਾਂ ਮਹਾਂਰਾਸ਼ਟਰ ਪ੍ਰਾਂਤ ਦੇ ਔਰੰਗਾਬਾਦ ਜ਼ਿਲ੍ਹੇ ਤੋਂ ਉੱਤਰ ਦਿਸ਼ਾ ਵੱਲ ਲੱਗਭੱਗ 100 ਕਿਲੋਮੀਟਰ ਦੂਰ ਅਜੰਤਾ ਪਿੰਡ ਵਿੱਚ ਵਰਨਾ ਨਦੀ ਤੋਂ ਕੁਝ ਦੂਰੀ ‘ਤੇ ਸਥਿਤ ਹਨ।
ਦੱਸਣਯੋਗ ਹੈ ਕਿ ਜ਼ਿਲ੍ਹਾ ਔਰੰਗਾਬਾਦ ਮਹਾਰਾਸ਼ਟਰ ਰਾਜ ਦੇ ਲਗਭਗ ਮੱਧ ਵਿੱਚ ਹੈ। ਅਜੰਤਾ ਪਿੰਡ ਵਿੱਚ ਲੱਗਭੱਗ 30 ਗੁਫਾਵਾਂ ਹਨ। ਇੱਥੇ ਗਰੇਨਾਈਟ ਚੱਟਾਨਾਂ ਨੂੰ ਕੱਟ ਕੇ ਤੇ ਖੋਖਲਾ ਕਰਕੇ ਬੁੱਧਕਾਲੀਨ ਮੰਦਿਰ ਬਣਾਏ ਗਏ ਹਨ। ਅਜੰਤਾ ਦੀਆਂ ਗੁਫ਼ਾਵਾਂ ਦੀਆਂ ਜ਼ਿਆਦਾਤਰ ਅੰਦਰੂਨੀ ਕੰਧਾਂ ( ਦੀਵਾਰਾਂ ) ‘ਤੇ ਗੋਤਮ ਬੁੱਧ ਜੀ ਦੇ ਜੀਵਨ ਨਾਲ ਸਬੰਧਿਤ ਚਿੱਤਰ ਬਣੇ ਹੋਏ ਹਨ। ਇੱਥੇ ਗੁਫ਼ਾਵਾਂ ਵਿੱਚ ਚਿੱਤਰਕਾਰੀ ਦੇ ਬਹੁਤ ਸੁੰਦਰ ਨਮੂਨੇ ਅਤੇ ਪੱਥਰਾਂ ਨਾਲ ਤਰਾਸ਼ੀਆਂ ਅਤਿ ਸੁੰਦਰ ਮੂਰਤੀਆਂ ਵੀ ਹਨ। ਇਨ੍ਹਾਂ ਗੁਫ਼ਾਵਾਂ ਦਾ ਨਿਰਮਾਣ ਲਗਭਗ ਦੂਸਰੀ ਸ਼ਤਾਬਦੀ ਵਿੱਚ ਕਰਵਾਇਆ ਗਿਆ।
ਅਜੰਤਾ ਦੀਆਂ ਗੁਫ਼ਾਵਾਂ ਦੀ ਖੋਜ ਬ੍ਰਿਟਿਸ਼ ਫੌਜ ਦੇ ਅਧਿਕਾਰੀ ਜਾੱਨ ਸਮਿੱਥ ਨੇ 1819 ਈਸਵੀ ਵਿੱਚ ਕੀਤੀ। ਅਜੰਤਾ ਦੀਆਂ ਗੁਫ਼ਾਵਾਂ ਦਾ ਸੰਬੰਧ ਬੁੱਧ ਧਰਮ ਨਾਲ ਹੈ। ਇਸ ਲਈ ਜਾਪਾਨ ਦੇਸ਼ ਦੀ ਸਰਕਾਰ ਨੇ ਅਨੁਦਾਨ ਦੇ ਕੇ ਔਰੰਗਾਬਾਦ ਤੋਂ ਅਜੰਤਾ ਪਿੰਡ ਤੱਕ ਲੱਗਭੱਗ ਇੱਕ ਸੌ ਕਿੱਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਰਵਾਇਆ। ਇੱਥੇ ਖਾਣ – ਪੀਣ ਆਦਿ ਲਈ ਬਹੁਤ ਚੰਗੇ ਰੈਸਟੋਰੈਂਟ ਅਤੇ ਢਾਬੇ ਵੀ ਬਣਾਏ ਗਏ ਹਨ। ਦਰਸ਼ਕਾਂ ਤੇ ਯਾਤਰੂਆਂ ਨੂੰ ਇਨ੍ਹਾਂ ਗੁਫਾਵਾਂ ਦੇ ਨਜ਼ਦੀਕ ਠਹਿਰਨ ਦਾ ਪ੍ਰਬੰਧ ਵੀ ਹੈ। ਏਲੋਰਾ ਦੀਆਂ ਗੁਫ਼ਾਵਾਂ ਔਰੰਗਾਬਾਦ ਤੋਂ ਉੱਤਰ – ਪੂਰਬ ਦਿਸ਼ਾ ਵੱਲ ਲੱਗਭੱਗ ਤੀਹ ਕਿਲੋਮੀਟਰ ਦੂਰ ਸਥਿਤ ਏਲੋਰਾ ਪਿੰਡ ਵਿੱਚ ਹਨ।
ਇਹ ਗੁਫ਼ਾਵਾਂ ਬੁੱਧ , ਹਿੰਦੂ ਅਤੇ ਜੈਨ ਧਰਮ ਨਾਲ ਸਬੰਧਿਤ ਹਨ , ਜੋ ਕਿ ਤਿੰਨ ਹਿੱਸਿਆਂ ਵਿੱਚ ਵੰਡੀਆਂ ਹੋਈਆਂ ਹਨ। ਇੱਥੇ ਲੱਗਭਗ 34 ਮੰਦਿਰ ਆਦਿ ਹਨ। ਪਿਆਰੇ ਬੱਚਿਓ ! ਅਜੰਤਾ ਤੇ ਏਲੋਰਾ ਦੀਆਂ ਗੁਫ਼ਾਵਾਂ ਕਲਾ ਅਤੇ ਮੂਰਤੀ – ਕਲਾ ਲਈ ਸਮੁੱਚੇ ਵਿਸ਼ਵ ਵਿੱਚ ਪ੍ਰਸਿੱਧ ਹਨ। ਇਨ੍ਹਾਂ ਮਸ਼ਹੂਰ ਗੁਫਾਵਾਂ ਦਾ ਨਿਰਮਾਣ 200 ਈਸਵੀ ਪੂਰਵ ਤੋਂ 650 ਈਸਵੀ ਲੱਗਭੱਗ ਤੱਕ ਕਰਵਾਇਆ ਗਿਆ। ਇਨ੍ਹਾਂ ਗੁਫ਼ਾਵਾਂ ਦੀ ਚਿੱਤਰਕਾਰੀ ਉਸ ਸਮੇਂ ਦੇ ਲੋਕ – ਜੀਵਨ ਦੀ ਹਾਮੀ ਭਰਦੀ ਹੈ।
ਯਾਤਰੂ ਤੇ ਦਰਸ਼ਕ ਇਨ੍ਹਾਂ ਗੁਫ਼ਾਵਾਂ ਨੂੰ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਦੇਖ – ਸਮਝ ਸਕਦੇ ਹਨ। ਸਥਾਨਕ ਲੋਕਾਂ ਦੇ ਅਨੁਸਾਰ ਇਨ੍ਹਾਂ ਗੁਫ਼ਾਵਾਂ ਨੂੰ ਬਣਾਉਣ ਲਈ ਲਗਭਗ 400 ਸਾਲ ਦਾ ਸਮਾਂ ਲੱਗਿਆ। ਬੱਚਿਓ ! ਔਰੰਗਾਬਾਦ ਵਾਯੂ ਮਾਰਗ , ਰੇਲ ਮਾਰਗ ਅਤੇ ਸੜਕ ਮਾਰਗ ਰਾਹੀਂ ਸਮੁੱਚੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਪਿਆਰੇ ਬੱਚਿਓ ! ਤੁਹਾਨੂੰ ਜੀਵਨ ਵਿੱਚ ਜਦੋਂ ਵੀ ਮੌਕਾ ਮਿਲਿਆ ਮਹਾਰਾਸ਼ਟਰ ਰਾਜ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਸਥਿਤ ਅਜੰਤਾ – ਏਲੋਰਾ ਦੀਆਂ ਇਨ੍ਹਾਂ ਵਿਸ਼ਵ ਪ੍ਰਸਿੱਧ ਤੇ ਵਿਸ਼ਵ ਧਰੋਹਰ /ਵਿਸ਼ਵ ਵਿਰਾਸਤ ਗੁਫਾਵਾਂ ਨੂੰ ਜਰੂਰ ਦੇਖਣ ਜਾਇਓ। ਮੇਰੀ ਸੱਚੇ ਦਿਲੋਂ ਦੁਆ ਹੈ ਕਿ ਪਰਮਾਤਮਾ ਤੁਹਾਨੂੰ ਤੰਦਰੁਸਤੀ , ਸਦਬੁੱਧੀ , ਵਿਵੇਕ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਅਗਲੀ ਵਾਰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਨੂੰ ਫੇਰ ਮਿਲਾਂਗੇ , ਤਦ ਤੱਕ ਲਈ ਰੱਬ ਰਾਖਾ , ਸ਼ੱਬਾ ਖ਼ੈਰ। ਘਰ ਵਿੱਚ ਰਹੋ , ਸੁਰੱਖਿਅਤ ਰਹੋ ।
ਤੁਹਾਡਾ ਆਪਣਾ ,
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356