ਸ੍ਰੀਨਗਰ (ਸਮਾਜਵੀਕਲੀ) : ਬਿਹਾਰ ਨਾਲ ਸਬੰਧਤ ਜੰਮੂ ਤੇ ਕਸ਼ਮੀਰ ਕੇਡਰ ਦੇ ਸੀਨੀਅਰ ਆਈੲੇਐੱਸ ਅਧਿਕਾਰੀ ਨਵੀਨ ਕੁਮਾਰ ਚੌਧਰੀ, 25000 ਦੇ ਕਰੀਬ ਉਨ੍ਹਾਂ ਲੋਕਾਂ ਵਿੱਚ ਸ਼ੁਮਾਰ ਹਨ ਜਿਨ੍ਹਾਂ ਨੂੰ ਜੰਮੂ ਤੇ ਕਸ਼ਮੀਰ ਦਾ ਵਸਨੀਕ ਹੋਣ ਦੀ ਸ਼ਾਹਦੀ ਭਰਦਾ ‘ਡੋਮੀਸਾਈਲ (ਰਿਹਾਇਸ਼ੀ) ਸਰਟੀਫਿਕੇਟ’ ਦਿੱਤਾ ਗਿਆ ਹੈ।
ਇਸ ਸਰਟੀਫਿਕੇਟ ਦੀ ਮਦਦ ਨਾਲ ਹੁਣ ਗੈਰ-ਮੁਕਾਮੀ ਲੋਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਿੱਖਿਆ ਤੇ ਰੁਜ਼ਗਾਰ ਸਹੂਲਤਾਂ ਲੈਣ ਦੇ ਨਾਲ ਜ਼ਮੀਨ ਖਰੀਦਣ ਦੇ ਹੱਕਦਾਰ ਹੋ ਗਏ ਹਨ। ਚੌਧਰੀ ਪਹਿਲੇ ਆਈਏਐੱਸ ਅਧਿਕਾਰੀ ਹਨ, ਜਿਨ੍ਹਾਂ ਨੂੰ ਜੰਮੂ ਤੇ ਕਸ਼ਮੀਰ ਦਾ ਨਾਗਰਿਕ ਹੋਣ ਬਾਰੇ ਸਰਟੀਫਿਕੇਟ ਮਿਲਿਆ ਹੈ।
ਜੰਮੂ ਤੇ ਕਸ਼ਮੀਰ ਡੋਮੀਸਾਈਲ ਸਰਟੀਫਿਕੇਟ (ਪ੍ਰੋਡਕਸ਼ਨ) ਨੇਮਾਂ ਮੁਤਾਬਕ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਜੰਮੂ ਤੇ ਕਸ਼ਮੀਰ ਵਿੱਚ ਰਹਿ ਰਿਹਾ ਕੋਈ ਵੀ ਵਿਅਕਤੀ ਇਸ ਸਰਟੀਫਿਕੇਟ ਲਈ ਅਪਲਾਈ ਕਰ ਸਕਦਾ ਹੈ। ਸਰਕਾਰੀ ਰਿਕਾਰਡ ਮੁਤਾਬਕ ਸਰਕਾਰ ਨੂੰ ਜੰਮੂ ਤੇ ਕਸ਼ਮੀਰ ਵਿੱਚ ਡੋਮੀਸਾਈਲ ਸਰਟੀਫਿਕੇਟ ਲਈ 33,157 ਅਰਜ਼ੀਆਂ ਮਿਲੀਆਂ ਹਨ ਤੇ ਹੁਣ ਤਕ 25 ਹਜ਼ਾਰ ਤੋਂ ਵੱਧ ਨਾਗਰਿਕਤਾ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।
ਸ੍ਰੀਨਗਰ ਇਕੋ ਇਕ ਜ਼ਿਲ੍ਹਾ ਹੈ, ਜਿੱਥੇ 65 ਅਰਜ਼ੀਆਂ ’ਚੋਂ ਕਿਸੇ ਨੂੰ ਵੀ ਸਰਟੀਫਿਕੇਟ ਜਾਰੀ ਨਹੀਂ ਹੋਇਅਾ। ਸਰਕਾਰ ਨੇ ਜੰਮੂ ਤੇ ਕਸ਼ਮੀਰ ਡੋਮੀਸਾਈਲ ਸਰਟੀਫਿਕੇਟ (ਪ੍ਰੋਸੀਜ਼ਰ) ਰੂਲਜ਼ 2020, 18 ਮਈ ਨੂੰ ਨੋਟੀਫਾਈ ਕੀਤੇ ਸਨ। ਪਿਛਲੇ ਸਾਲ 5 ਅਗਸਤ ਨੂੰ ਸੂਬੇ ’ਚੋਂ ਧਾਰਾ 370 ਤੇ 35ਏ ਮਨਸੂਖ਼ ਕੀਤੇ ਜਾਣ ਤੋਂ ਪਹਿਲਾਂ ਮੁਕਾਮੀ ਲੋਕਾਂ ਨੂੰ ਹੀ ਸਰਕਾਰੀ ਨੌਕਰੀਆਂ ਲਈ ਅਰਜ਼ੀ ਦੇਣ ਤੇ ਜ਼ਮੀਨ ਖਰੀਦਣ ਦਾ ਅਧਿਕਾਰ ਸੀ।