ਅੱਸੂ ਦਾ ਮਹੀਨਾ

(ਸਮਾਜ ਵੀਕਲੀ)

ਲੰਘ ਗਈ ਭਾਦੋਂ ਤੇ ਤਪਾੜ ਮੁਕਿਆ।
ਅੱਸੂ ਦਾ ਮਹੀਨਾ ਦੇਖੋ ਆਣ ਢੁਕਿਆ।
ਖੁਸ਼ ਲੋਕ ਸਾਰੇ ਦੇਖ ਕਾਇਨਾਤ ਨੂੰ।
ਦਿਨੇ ਲੱਗੇ ਗਰਮੀ ਤੇ ਪਾਲਾ ਰਾਤ ਨੂੰ।

ਜੋਬਨ ਤੇ ਹੁੰਦੀ ਪੂਰੀ ਹਰਿਆਲੀ ਐ।
ਗੂੜੇ ਹਰੇ ਰੰਗ ਦਿੱਖ ਜੀ ਨਿਰਾਲੀ ਐ।
ਮੰਨ ਗਏ ਦਾਤਾ ਤੇਰੀ ਕਰਾਮਾਤ ਨੂੰ।
ਦਿਨੇ ਲੱਗੇ ਗਰਮੀ ਤੇ ਪਾਲਾ ਰਾਤ ਨੂੰ।

ਝੋਨੇ ਦੀਆਂ ਮੁੰਜ਼ਰਾਂ ‘ਚ ਦਾਣੇ ਪੱਕਦੇ।
ਖੁਸ਼ ਨੇ ਕਿਸਾਨ ਦੇਖ ਕੇ ਨਾ ਥੱਕ ਦੇ।
ਹਰ ਵੇਲੇ ਕੰਮ ਵਾਲੀ ਪਾਉਣ ਬਾਤ ਨੂੰ।
ਦਿਨੇ ਲੱਗੇ ਗਰਮੀ ਤੇ ਪਾਲਾ ਰਾਤ ਨੂੰ।

ਮੌਸਮ ਹੈ ਸੋਹਣਾ ਸਾਦੀਆਂ ਦਾ ਜੋਰ ਜੀ।
ਜੰਨਾਂ ‘ਚ ਬਰਾਤੀ ਪਾਉਦੇ ਪੂਰਾ ਸ਼ੋਰ ਜੀ।
ਨੱਚਦੇ ਨਚਾਰ ਦੇਖ ਕੇ ਬਰਾਤ ਨੂੰ।
ਦਿਨੇ ਲੱਗੇ ਗਰਮੀ ਤੇ ਪਾਲਾ ਰਾਤ ਨੂੰ।

ਮੱਕੜੀ ਨੇ ਥਾਂ ਥਾਂ ਪਾ ਲਿਆ ਜਾਲ ਜੀ।
ਮੱਛਰਾਂ ਦਾ ਹੁੰਦਾ ਸਮਝੋ ਇਹ ਕਾਲ ਜੀ।
ਕਰਦੀ ਸਿਕਾਰ ਸਿੱਧਾ ਲਾ ਕੇ ਘਾਤ ਨੂੰ।
ਦਿਨੇ ਲੱਗੇ ਗਰਮੀ ਤੇ ਪਾਲਾ ਰਾਤ ਨੂੰ।

ਹੱਥ ਜੋੜ ਸੁੱਖ ਮੰਗ ਦਾ ਕਿਸਾਨ ਜੀ।
ਬੱਦਲਾਂ ਨੂੰ ਦੇਖ ਹੁੰਦੀ ਔਖੀ ਜਾਨ ਜੀ।
ਝੱਖੜ ਤੇ ਨਾ ਹੀ ਚਾਹੇ ਬਰਸਾਤ ਨੂੰ।
ਦਿਨੇ ਲੱਗੇ ਗਰਮੀ ਤੇ ਪਾਲਾ ਰਾਤ ਨੂੰ।

ਅੱਸੂ ਦਾ ਮਹੀਨਾ ਔਲਖਾ ਕਮਾਲ ਦਾ।
ਹੋਰ ਨਾ ਮਹੀਨਾ ਕੋਈ ਇਹਦੇ ਨਾਲ ਦਾ।
ਰੱਜ ਰੱਜ ਮਾਣੋਂ ਮਿਲੀ ਰੱਬੀ ਦਾਤ ਨੂੰ।
ਦਿਨੇ ਲੱਗੇ ਗਰਮੀ ਤੇ ਪਾਲਾ ਰਾਤ ਨੂੰ॥

ਔਲਖ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲ ਪੰਜਾਬ ਦੀ
Next articleਕਵਿਤਾ