ਤੇਜ਼ ਮੀਂਹ ਕਾਰਨ ਇਥੋਂ ਦੇ ਇੱਕ ਜੱਜ ਪਰਿਵਾਰ ਸਮੇਤ ਆਪਣੀ ਸਰਕਾਰੀ ਕੋਠੀ ਵਿੱਚ ਫਸ ਗਏ, ਜਿਸ ਨਾਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਬੜੀ ਮੁਸ਼ਕਲ ਨਾਲ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਜੱਜ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਠੀ ਵਿੱਚੋਂ ਕੱਢ ਕੇ ਇੱਕ ਹੋਟਲ ’ਚ ਭੇਜਿਆ ਗਿਆ। ਜਾਣਕਾਰੀ ਅਨੁਸਾਰ ਜੱਜ ਅਰੁਨ ਗੁਪਤਾ ਸਪਰਿੰਗ ਡੇਲ ਪਬਲਿਕ ਸਕੂਲ ਰੋਡ ਉਪਰ ਟੈਂਕੀ ਨੰਬਰ ਤਿੰਨ ਦੇ ਕੋਲ ਸਰਕਾਰੀ ਕੋਠੀ ਵਿੱਚ ਰਹਿੰਦੇ ਹਨ। ਸ਼ਨਿਚਰਵਾਰ ਨੂੰ ਤੇਜ਼ ਮੀਂਹ ਨਾਲ ਕੋਠੀ ਅੰਦਰ ਪਾਣੀ ਭਰਦਾ ਗਿਆ। ਰਾਤ 12 ਵਜੇ ਦੇ ਕਰੀਬ ਕੋਠੀ ਅੰਦਰ ਚਾਰ ਫੁੱਟ ਤੱਕ ਪਾਣੀ ਭਰ ਗਿਆ। ਕਮਰਿਆਂ ਅੰਦਰ ਪਾਣੀ ਚਲਾ ਗਿਆ ਤੇ ਜੱਜ ਆਪਣੇ ਪਰਿਵਾਰ ਸਮੇਤ ਪਹਿਲੀ ਮੰਜ਼ਿਲ ’ਤੇ ਚਲੇ ਗਏ। ਉਨ੍ਹਾਂ ਇਸ ਦੀ ਸੂਚਨਾ ਉਪ ਮੰਡਲ ਮੈਜਿਸਟ੍ਰੇਟ ਨੂੰ ਦਿੱਤੀ, ਜਿਨ੍ਹਾਂ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਦੀ ਡਿਊਟੀ ਲਾਈ। ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ ’ਤੇ ਭੇਜਿਆ। ਫਾਇਰ ਅਫ਼ਸਰ ਯਸ਼ਪਾਲ ਗੋਮੀ ਨੇ ਫਾਇਰ ਬ੍ਰਿਗੇਡ ਦੀ ਗੱਡੀ ਕੋਠੀ ਅੰਦਰ ਲਿਜਾ ਕੇ ਜੱਜ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸੇ ਗੱਡੀ ਰਾਹੀਂ ਇਥੋਂ ਦੇ ਹੋਟਲ ਗ੍ਰੀਨਲੈਂਡ ਲਿਆਂਦਾ, ਜਿੱਥੇ ਕਮਰੇ ਲੈ ਕੇ ਜੱਜ ਤੇ ਪਰਿਵਾਰ ਨੂੰ ਰਾਤ ਠਹਿਰਾਇਆ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਨਾਲ ਬਣੀਆਂ ਜੱਜ, ਉਪ ਮੰਡਲ ਮੈਜਿਸਟ੍ਰੇਟ ਤੇ ਪੁਲੀਸ ਅਧਿਕਾਰੀਆਂ ਦੀਆਂ ਕੋਠੀਆਂ ਵਿੱਚ ਵੀ ਪਾਣੀ ਭਰਨ ਨਾਲ ਇਹ ਅਧਿਕਾਰੀ ਕਈ ਘੰਟੇ ਅੰਦਰ ਫਸੇ ਰਹੇ।
INDIA ਅੱਧੀ ਰਾਤ ਪਰਿਵਾਰ ਸਮੇਤ ਪਾਣੀ ’ਚ ਫਸੇ ਜੱਜ